ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਤੇ ਟਰਾਂਸਕੋ ਦੇ ਰੈਗੂਲਰ ਤੇ ਆਊਟਸੋਰਸਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਲੋਂ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਗੇਟ 'ਤੇ ਰੋਸ ਰੈਲੀ ਕਰਨ ਉਪਰੰਤ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪ੍ਰਧਾਨ ਕੇਸਰ ਸਿੰਘ, ਸਰਕਲ ਸਕੱਤਰ ਮਨਜਿੰਦਰ ਸਿੰਘ, ਪੈਸਕੋ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਟੀ.ਐੱਸ.ਯੂ. ਭੰਗਲ ਤੋਂ ਗੁਰਾਂਦਿੱਤਾ ਸਿੰਘ, ਬੱਲਾ ਸਿੰਘ, ਐੱਮ.ਐੱਸ.ਯੂ. ਤੋਂ ਗੁਰਦੀਪ ਸਿੰਘ, ਇੰਪਲਾਈਜ਼ ਫੈਡਰੇਸ਼ਨ ਤੋਂ ਮਨਿੰਦਰ ਸਿੰਘ, ਟੀ.ਐੱਸ.ਯੂ. ਜੁਆਇੰਟ ਫੋਰਮ ਬਰਜਿੰਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਬਿਜਲੀ ਸੋਧ ਬਿੱਲ 2025 ਲਿਆਂਦਾ ਗਿਆ ਹੈ | ਇਸੇ ਮਨਸ਼ੇ ਤਹਿਤ ਹੀ ਕਾਮਿਆਂ ਦੀ ਕਿਰਤ ਦੀ ਲੁੱਟ ਨੂੰ ਤਿੱਖਾ ਕਰਦਿਆਂ ਐਕਟ 1948 ਵਾਲੇ ਕਾਮਾ ਪੱਖੀ ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਆਗੂਆਂ ਨੇ ਇਨ੍ਹਾਂ ਕਾਨੂੰਨਾਂ/ਬਿੱਲਾਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਸੁਖਚੈਨ ਸਿੰਘ, ਜੀਤ ਸਿੰਘ ਬਰੀਵਾਲਾ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |