ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਹਰਮਹਿੰਦਰ ਪਾਲ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤੇ ਰਾਜ ਕੁਮਾਰ ਜ਼ਿਲ੍ਹਾ ਤੇ ਸ਼ੈਸਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਹਿਮਾਂਸ਼ੂ ਅਰੋੜਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਗੁਰੂ ਨਾਨਕ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਸਮਾਗਮ 'ਚ ਕਾਲਜ ਦੇ ਅਸਿਸਟੈਂਟ ਸਰਬਜੀਤ ਕੌਰ, ਵਿਦਿਆਰਥੀ ਤੇ ਸਮੂਹ ਸਟਾਫ਼ ਵੀ ਹਾਜ਼ਰ ਰਹੇ | ਹਿਮਾਂਸ਼ੂ ਅਰੋੜਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਮਹਿਲਾ ਸ਼ਸਕਤੀਕਰਨ ਬੁਨਿਆਦੀ ਪੱਧਰ ਤੋਂ ਹੋਣਾ ਚਾਹੀਦਾ ਹੈ ਤੇ ਇਹ ਸਮਾਜ ਦੇ ਹੱਥ ਵਿਚ ਹੈ ਕਿ ਮਹਿਲਾ ਸਸ਼ਕਤੀਕਰਨ ਸੁਨਿਸ਼ਚਿਤ ਕੀਤਾ ਜਾਵੇ | ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ, ਤਾਂ ਜੋ ਹੁਣ ਤੱਕ ਹੋਈ ਤਰੱਕੀ ਬਰਕਰਾਰ ਰਹੇ ਤੇ ਨਾਲ ਹੀ ਸਹੀ ਅਰਥਾਂ 'ਚ ਪੀੜਤਾਂ ਨੂੰ ਨਿਆਂ ਦੀ ਲੜਾਈ ਵਿਚ ਕੋਈ ਔਕੜ ਨਾ ਆਵੇ | ਇਸ ਤੋਂ ਇਲਾਵਾ ਹਿਮਾਂਸ਼ੂ ਅਰੋੜਾ ਨੇ 14 ਮਾਰਚ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਜੇਕਰ ਕਿਸੇ ਧਿਰ ਨੇ ਆਪਣਾ ਕੇਸ ਦਾ ਨੈਸ਼ਨਲ ਲੋਕ ਅਦਾਲਤ 'ਚ ਨਿਪਟਾਰਾ ਕਰਵਾਉਣਾ ਹੋਵੇ ਤਾਂ ਉਹ ਸੰਬੰਧਿਤ ਅਦਾਲਤ 'ਚ ਆਪਣੀ ਦਰਖ਼ਾਸਤ ਦੇ ਕੇ ਆਪਣਾ ਕੇਸ ਨੈਸ਼ਨਲ ਲੋਕ ਅਦਾਲਤ 'ਚ ਲਗਵਾ ਸਕਦੇ ਹਨ |