ਦੋਦਾ, 10 ਮਾਰਚ (ਰਵੀਪਾਲ)-ਭਾਰਤ ਸਰਕਾਰ ਵਲੋਂ ਅੰਨ੍ਹੇਪਣ ਨੂੰ ਦੂਰ ਕਰਨ ਲਈ ਚਲਾਏ ਜਾ ਰਹੇ ਕੌਮੀ ਅੰਨ੍ਹਾਪਣ ਰੋਕਥਾਮ ਪ੍ਰੋਗਰਾਮ ਅਧੀਨ ਡਾ. ਰੌਬਿਨ ਸੀਨੀਅਰ ਮੈਡੀਕਲ ਅਫ਼ਸਰ ਦੋਦਾ ਦੀ ਦੇਖ-ਰੇਖ ਹੇਠ ਬਲਾਕ ਦੋਦਾ ਅਧੀਨ ਸਾਰੀਆਂ ਸਿਹਤ ਸੰਸਥਾਵਾਂ 'ਚ 14 ਮਾਰਚ ਤੱਕ ਵਿਸ਼ਵ ਗਲੋਕੋਮਾ ਹਫ਼ਤਾ 'ਗਲੋਕੋਮਾ ਸੰਸਾਰ ਲਈ ਇਕਜੁੱਟ ਹੋਈਏ' ਵਿਸ਼ੇ ਹੇਠ ਮਨਾਇਆ ਜਾ ਰਿਹਾ ਹੈ | ਇਸ ਹਫ਼ਤੇ ਦੌਰਾਨ ਸਿਹਤ ਵਿਭਾਗ ਵਲੋਂ ਅੱਖਾਂ ਦੀਆਂ ਬਿਮਾਰੀਆਂ ਖ਼ਾਸ ਕਰਕੇ ਕਾਲਾ ਮੋਤੀਆ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਡਾ. ਰੌਬਿਨ ਨੇ ਕਿਹਾ ਕਿ ਭਾਰਤ 'ਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ 'ਚੋਂ ਇਕ ਅਹਿਮ ਕਾਰਨ ਹੈ | ਉਨ੍ਹਾਂ ਦੱਸਿਆ ਕਿ ਗਲੋਕੋਮਾ ਦਾ ਇਲਾਜ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਇਸ ਦਾ ਸਮੇਂ ਸਿਰ ਇਲਾਜ ਹੋ ਸਕੇ | ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ 6 ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਜ਼ਿਆਦਾ ਧੁੱਪ ਵਿਚ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਦੇਸ਼ 'ਚੋਂ ਅੰਨ੍ਹਾਪਣ ਦੂਰ ਕਰਨ ਲਈ ਪ੍ਰਾਈਵੇਟ ਡਾਕਟਰ ਤੇ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇ ਰਹੀਆਂ ਹਨ | ਉਨ੍ਹਾਂ ਆਮ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਸਮੂਹ ਸੀ.ਐੱਚ.ਓ. ਹਾਜ਼ਰ ਸਨ |