ਫ਼ਰੀਦਕੋਟ, 11 ਮਾਰਚ (ਸਰਬਜੀਤ ਸਿੰਘ)-ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਕੀਤੇ ਗਏ ਐਲਾਨ ਅਨੁਸਾਰ ਪੰਜਾਬ ਭਰ 'ਚ ਸਫ਼ਾਈ ਸੇਵਕਾਂ ਵਲੋਂ ਅਰਥੀ ਫ਼ੂਕੀ ਗਈ ਤੇ ਨਾਲ ਹੀ 10 ਸਾਲਾਂ ਪਾਲਸੀ ਦੀਆਂ ਕਾਪੀਆਂ ਫੂਕੀਆ ਗਈਆਂ | ਇਸ ਲੜੀ ਤਹਿਤ ਨਗਰ ਕੌਂਸਲ ਫ਼ਰੀਦਕੋਟ ਵਲੋਂ ਪ੍ਰਧਾਨ ਸੰਤ ਰਾਮ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਗਈ | ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਤ ਰਾਮ ਤੇ ਅਸ਼ੋਕ ਸਾਰਵਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਨਾਲ ਧੱਕਾ ਕਰ ਰਹੀ ਹੈ | ਚਾਹੇ ਉਹ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਹੋਵੇ ਜਾਂ ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਹੋਵੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਦੀ ਸਫ਼ਾਈ ਸੇਵਕ ਯੂਨੀਅਨ ਪੰਜਾਬ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਸਫ਼ਾਈ ਸੇਵਕ ਜੋ ਕਿ ਪਹਿਲਾਂ ਹੀ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀ 6 ਮਈ ਨੂੰ ਪੂਰਨ ਤੌਰ 'ਤੇ ਕੰਮ ਬੰਦ ਕਰਕੇ ਪੰਜਾਬ ਦੇ ਸਫ਼ਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ | ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਸਫ਼ਾਈ ਕਾਮੇ ਬਿਨ੍ਹਾਂ ਸ਼ਰਤ ਪਹਿਲ ਦੇ ਆਧਾਰ 'ਤੇ ਪੱਕੇ ਕਰੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖਜ਼ਾਨੇ ਵਿਚੋਂ ਦਿੱਤੀਆਂ ਜਾਣ, ਘੱਟੋ-ਘੱਟ ਉਜਰਤਾਂ 40000 ਪ੍ਰਤੀ ਮਹੀਨਾ ਕੀਤੀ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ | ਇਸ ਮੌਕੇ ਰਮੇਸ਼ ਕੁਮਾਰ ਨਿਨੂੰ, ਖਜ਼ਾਨਚੀ, ਕੁਲਦੀਪ ਸ਼ਰਮਾ ਮੁੱਖ ਸਲਾਹਕਾਰ, ਕੁਲਦੀਪ ਕੁਮਾਰ ਜਥੇਬੰਧਕ ਸਕੱਤਰ, ਸੰਜੇ ਕੁਮਾਰ ਮੀਤ ਪ੍ਰਧਾਨ, ਰਾਹੁਲ ਖਜ਼ਾਨਚੀ, ਵਿੱਕੀ ਪ੍ਰਧਾਨ, ਕਲਫੁ, ਵਿੱਕੀ ਗੈਚੰਡ ਜ਼ਿਲ੍ਹਾ ਸੈਕਟਰੀ, ਮਨਦੀਪ ਕੁਮਾਰ, ਨਿਸ਼ਾਨ ਸਿੰਘ ਅਸ਼ਵਨੀ, ਪਰਮਾ ਨੰਦ, ਸੁਨੀਲ ਕੁਮਾਰ, ਵਿਕਾਸਦੀਪ, ਵਿਕਰਮ ਚੋਹਾ, ਰਣਬੀਰ, ਰਜਤ, ਸ਼ੇਖਰ, ਰਾਜ ਕੁਮਾਰ ਟਾਂਕ ਆਦਿ ਹਾਜ਼ਰ ਸਨ |