ਮਲੋਟ, 12 ਮਾਰਚ (ਪਾਟਿਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਵਿਸ਼ਵ ਗਲੋਕੋਮਾ ਹਫ਼ਤਾ ਦੇ ਸੰਬੰਧ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਕਾਲਾ ਮੋਤੀਆ ਅੱਖਾਂ ਦੀ ਆਮ ਪਰ ਗੰਭੀਰ ਸਮੱਸਿਆ ਹੈ, ਜੋ ਉਮਰ ਵਧਣ ਦੇ ਨਾਲ ਵਧੇਰੇ ਲੋਕਾਂ 'ਚ ਹੋ ਜਾਂਦੀ ਹੈ, ਪਰ ਸਹੀ ਸਮੇਂ 'ਤੇ ਪਛਾਣ ਕਰ ਲੈਣ 'ਤੇ ਬਚਾਅ ਕੀਤਾ ਜਾ ਸਕਦਾ ਹੈ | ਇਸ ਸਮੇਂ ਡਾ. ਏਕਤਾ ਸਿਆਲ ਅੱਖਾਂ ਦੇ ਮਾਹਿਰ ਨੇ ਮਰੀਜ਼ਾਂ ਨੂੰ ਜਾਣਕਾਰੀ ਦਿੱਤੀ ਕਿ ਉਮਰ ਵਧਣ 'ਤੇ ਪੁਰਾਣੀਆਂ ਕੋਸ਼ਿਕਾਵਾਂ ਅੱਖਾਂ ਦੇ ਰੈਟਿਨਾ ਦੇ ਕੇਂਦਰ ਨੂੰ ਪ੍ਰਭਾਵਿਤ ਕਰਨ ਲੱਗਦੀਆਂ ਹਨ | ਇਸ ਨਾਲ ਰੋਗੀ ਨੂੰ ਚੀਜ਼ਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਹਨ, ਜਿਵੇਂ ਧੁੰਦ ਪਈ ਹੋਣ 'ਤੇ ਨਜ਼ਰ ਆਉਂਦਾ ਹੈ | ਜੇਕਰ ਕਾਲੇ ਮੋਤੀਏ ਕਾਰਨ ਰੋਜ਼ਾਨਾ ਦੇ ਕੰਮ ਕਰਨ ਵਿਚ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਉਸ ਲਈ ਸਰਜਰੀ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ, ਜੋ ਸੁਰੱਖਿਅਤ ਤੇ ਪ੍ਰਭਾਵੀ ਹੁੰਦੀ ਹੈ | ਅੱਖਾਂ ਦੀ ਰੋਜ਼ਾਨਾ ਜਿੰਦਗੀ ਵਿਚ ਦੇਖਭਾਲ ਕਰਨ ਨਾਲ ਅਸੀਂ ਗਲੋਕੋਮਾ ਤੇ ਹੋਰ ਬਿਮਾਰੀਆਂ ਤੋਂ ਬਚ ਸਕਦੇ ਹਾਂ | ਇਸ ਸਮੇਂ ਸੁਖਨਪਾਲ ਸਿੰਘ, ਹੋਰ ਸਟਾਫ਼ ਮੈਬਰ ਹਾਜ਼ਰ ਸਨ |