ਸਾਦਿਕ, 12 ਮਾਰਚ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਅੱਜ ਬਿਸਮਾਦ ਵੈੱਲਫ਼ੇਅਰ ਸੁਸਾਇਟੀ ਵਲੋਂ ਇਤਿਹਾਸਕ ਅਸਥਾਨ ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਉਪਰੰਤ 23 ਗ੍ਰੰਥੀ ਸਿੰਘਾਂ ਦਾ ਸਿਰੋਪਾਓ ਦੇ ਕੇ ਬਾਬਾ ਬੁੱਢਾ ਜੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਹੈੱਡ ਗ੍ਰੰਥੀ ਜਥੇਦਾਰ ਦਲਵੀਰ ਸਿੰਘ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ, ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਆਦੇਸ਼ ਗਰੁੱਪ, ਜਰਮਨ ਸਿੰਘ ਸੰਧੁੂ, ਮਨਜੀਤ ਸਿੰਘ ਢਿੱਲੋਂ ਚੇਅਰਮੈਨ ਬਾਬਾ ਫ਼ਰੀਦ ਸੰਸਥਾਵਾਂ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਪਤਵੰਤਿਆਂ ਵਲੋਂ ਦਿੱਤਾ ਗਿਆ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਗੁਰਦੁਆਰਿਆਂ ਦੀਆਂ ਇਮਾਰਤਾਂ 'ਤੇ ਖ਼ਰਚ ਕਰ ਲੈਂਦੇ ਹਾਂ ਪਰ ਗ੍ਰੰਥੀ ਸਿੰਘਾਂ ਨੂੰ ਇਕ ਪਾਸੇ ਤਾਂ ਗੁਰੂ ਦੇ ਵਜ਼ੀਰ ਮੰਨਦੇ ਹਾਂ ਪਰ ਦੂਸਰੇ ਪਾਸੇ ਉਨ੍ਹਾਂ ਨੂੰ 10-15 ਹਜ਼ਾਰ ਤਨਖਾਹ ਹੀ ਦਿੰਦੇ ਹਾਂ | ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ | ਇਸੇ ਕਰਕੇ ਉਨ੍ਹਾਂ ਦੇ ਪਰਿਵਾਰਾਂ 'ਚੋਂ ਅੱਗੇ ਕੋਈ ਗੁਰੂ ਘਰ ਦਾ ਵਜ਼ੀਰ ਬਣਨ ਲਈ ਤਿਆਰ ਨਹੀਂ ਹੁੰਦਾ | ਇਸ ਸਮੇਂ ਨੂੰ ਸੰਭਾਲਕੇ ਸਾਨੂੰ ਗ੍ਰੰਥੀ ਸਿੰਘਾਂ ਨੂੰ ਗੁਜ਼ਾਰੇ ਲਈ ਚੰਗੀਆਂ ਤਨਖਾਹਾਂ ਤੇ ਚੰਗੀ ਰਿਹਾਇਸ਼ ਦੇ ਪ੍ਰਬੰਧ ਕਰਨੇ ਚਾਹੀਦੇ ਹਨ | ਇਸ ਸਾਰੇ ਕੰਮ ਦੀ ਜ਼ਿੰਮੇਵਾਰੀ ਹੁਣ ਜਨਜੀਤਪਾਲ ਸਿੰਘ ਸੇਖੋਂ ਵਲੋਂ ਬਿਸਮਾਦ ਨਾਂਅ ਦੀ ਸੰਸਥਾ ਦੀ ਸਥਾਪਨਾ ਕਰਕੇ ਇਨ੍ਹਾਂ ਗ੍ਰੰਥੀ ਸਿੰਘਾਂ ਦਾ ਜੀਵਨ ਪੱਧਰ ਇੱਜ਼ਤਦਾਰ ਤੇ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦਾ ਕਦਮ ਚੁੱਕਿਆ ਗਿਆ ਹੈ | ਸ: ਸੇਖੋਂ ਨੇ ਇਸ ਕੰਮ ਲਈ ਉੱਥੇ ਹਾਜ਼ਰ ਸਾਰੀ ਸੰਗਤ ਤੋਂ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਜਥੇਦਾਰ ਗੁਰਜੰਟ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਵੀਰ ਸਿੰਘ ਵਾਈਸ ਪ੍ਰਧਾਨ ਗੁਰਦੁਆਰਾ ਕਮੇਟੀ, ਰਛਪਾਲ ਸਿੰਘ ਬਰਾੜ ਘੁੱਦੂਵਾਲਾ, ਗੀਤਕਾਰ ਤੇ ਗਾਇਕ ਭਿੰਦੇਸ਼ਾਹ ਰਾਜੋਵਾਲੀਆ ਆਦਿਾ ਸੰਗਤ ਹਾਜ਼ਰ ਸੀ |