ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਬੜੀਆਂ ਆਸਾਂ ਉਮੀਦਾਂ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤਨਦੇਹੀ ਨਾਲ ਜ਼ੋਰ ਲਗਾ ਕੇ ਇਕ ਵੱਡਾ ਬਦਲਾਅ ਲਿਆਂਦਾ ਸੀ ਪਰ ਹੁਣ ਇਹ ਜਥੇਬੰਦੀਆਂ ਘੋਰ ਨਿਰਾਸ਼ਾ 'ਚ ਆ ਚੁੱਕੀਆਂ ਹਨ ਕਿ 4 ਸਾਲ ਵਿਚ ਇਸ ਸਰਕਾਰ ਨੇ ਮੁਲਾਜ਼ਮਾਂ ਦੇ ਹੱਕੀ ਮੰਗਾਂ ਨੂੰ ਨਕਾਰਿਆ ਹੋਇਆ ਹੈ | ਮੁਲਾਜ਼ਮ ਤੇ ਪੈਨਸ਼ਨਰ ਊਠ ਦੇ ਬੁੱਲ੍ਹ ਵਾਂਗ ਦੇਖਦੇ ਦੇਖਦੇ ਥੱਕ ਚੁੱਕੇ ਹਨ | ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਅਗਵਾਈ 'ਚ ਸਮੂਹ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਇਹ ਧਾਰ ਚੁੱਕੇ ਹਨ ਕਿ ਇਨ੍ਹਾਂ ਨੂੰ ਪਹਿਲੀ ਸਰਕਾਰ ਖਾਸ ਕਰਕੇ ਜਿਵੇਂ ਚੰਨੀ ਤੇ ਮਨਪ੍ਰੀਤ ਬਾਦਲ ਨਾਲ ਕੀਤੀ ਸੀ ਉਸੇ ਤਰ੍ਹਾਂ ਕਰਨ ਦਾ ਤਹੱਈਆ ਕਰ ਲਿਆ ਹੈ | ਬੀਤੇ ਦਿਨੀਂ ਮੋਹਾਲੀ ਵਿਖੇ ਹੋਈ ਪੈਨਸ਼ਨਰਾਂ ਦੀ ਰੈਲੀ 'ਚ ਪੈਨਸ਼ਨਰਾਂ ਨੇ ਰੋਸ ਜ਼ਾਹਿਰ ਕਰਦਿਆਂ ਦੁੱਖ ਪ੍ਰਗਟਾਇਆ ਕਿ ਪਿਛਲੇ ਚਾਰ ਸਾਲ ਤੋਂ ਪਿਛਲੇ ਪੇ ਕਮਿਸ਼ਨ ਦੀਆਂ ਤੁਰੱਟੀਆਂ ਨੂੰ ਦੂਰ ਕਰਨਾ ਤੇ ਮੁਲਾਜ਼ਮਾਂ ਦੀ ਬੰਦ ਹੋਈ ਪੈਨਸ਼ਨ ਨੂੰ ਬਹਾਲ ਕਰਨਾ ਆਦਿ ਕੇਸਾਂ 'ਤੇ ਤਾਂ ਕੀ ਵਿਚਾਰ ਕਰਨੀ ਸੀ ਸਗੋਂ ਇਸ ਸਰਕਾਰ ਨੇ ਡੀ.ਏ ਦੀਆਂ ਛੇ ਕਿਸ਼ਤਾਂ ਬਾਰੇ ਵੀ ਚੁੱਪੀ ਧਾਰੀ ਹੋਈ ਹੈ ਤੇ ਪੇ ਕਮਿਸ਼ਨ ਦਾ ਬਕਾਇਆ ਵੀ ਖੂਹ ਖਾਤੇ ਪਾ ਦਿੱਤਾ ਹੈ | ਪੈਨਸ਼ਨਰ ਨੇ ਇੱਥੋਂ ਤੱਕ ਵੀ ਰੋਸ ਜ਼ਾਹਿਰ ਕੀਤਾ ਕਿ ਵਿੱਤ ਮੰਤਰੀ ਤੇ ਮੁੱਖ ਮੰਤਰੀ ਤਾਂ ਸਾਡੇ ਨਾਲੋਂ ਰਿਸ਼ਤਾ ਤੋੜੀ ਬੈਠੇ ਹਨ ਸਗੋਂ ਇਨ੍ਹਾਂ ਦੀ ਪੂਰੀ ਟੀਮ 92 ਮੈਂਬਰਾਂ ਵਿਚੋ ਕਿਸੇ ਨੇ ਵੀ ਅੱਜ ਤੱਕ ਹਾਅ ਦਾ ਨਾਅਰਾ ਨਹੀਂ ਮਾਰਿਆ |