ਬਰਗਾੜੀ, 27 ਮਾਰਚ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਡਾ. ਸਤਨਾਮ ਸਿੰਘ ਸਿੱਧੂ ਨਿਆਮੀਵਾਲਾ ਨੇ ਪਿੰਡ ਨਿਆਮੀਵਾਲਾ ਤੇ ਹੋਰਨਾਂ ਪਿੰਡਾਂ ਦੇ ਅਕਾਲੀ ਵਰਕਰਾਂ ਤੇ ਆਮ ਲੋਕਾਂ ਨਾਲ 31 ਮਾਰਚ ਦੀ ਜੈਤੋ ਰੈਲੀ ਸਬੰਧੀ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਇਸ ਰੈਲੀ ਲਈ ਅਕਾਲੀ ਵਰਕਰਾਂ ਤੇ ਆਮ ਲੋਕਾਂ 'ਚ ਭਾਰੀ ਉਤਸ਼ਾਹ ਹੈ | ਹਲਕੇ ਦੇ ਅਕਾਲੀ ਵਰਕਰਾਂ ਤੋਂ ਇਲਾਵਾ ਦੂਸਰੇ ਲੋਕਾਂ 'ਚ ਵੀ ਪੰਜਾਬ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਇਕ ਆਸ ਦੀ ਕਿਰਨ ਵਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੱਤਾਧਾਰੀ ਧਿਰ ਨਾਲ ਸਬੰਧਿਤ ਲੋਕ ਵੀ ਆਪਣੀ ਪਾਰਟੀ ਦੀ ਸਰਕਾਰ ਦੇ ਨਿਕੰਮੇ ਕੰਮਾਂ ਤੋਂ ਅੰਦਰ ਖਾਤੇ ਅੱਕੇ ਹੋਏ ਹਨ ਤੇ ਅਜਿਹੇ ਅੱਕੇ ਲੋਕ ਹੋਰ ਕੁਝ ਸਮੇਂ ਨੂੰ ਚੋਣ ਜ਼ਾਬਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ 'ਚੋਂ ਛਾਲਾਂ ਮਾਰ ਦੇਣਗੇ | ਇਸ ਸਰਕਾਰ ਤੋਂ ਇਲਾਵਾ ਦਿੱਲੀ ਤੋਂ ਆਈ ਜੁੰਡਲੀ ਅਫਸਰਸ਼ਾਹੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੀ ਹੈ, ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂੰ ਹਨ |