ਜੈਤੋ, 28 ਮਾਰਚ (ਗੁਰਚਰਨ ਸਿੰਘ ਗਾਬੜੀਆ)-ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਸਾਲਾਨਾ ਸਮਾਗਮ 'ਆਕਾਂਕਸ਼ਯੇਨ' ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਅਮੋਲਕ ਸਿੰਘ, ਡਾ. ਲਕਸ਼ਮਣ ਭਗਤੂਆਣਾ, ਧਰਮਜੀਤ ਰਾਮੂਆਣਾ, ਹਰਸਿਮਰਨ ਮਲਹੋਤਰਾ, ਡਾ. ਹਰੀਸ਼ ਸਿੰਘ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਅਸ਼ਵਨੀ ਗਰਗ, ਅਸ਼ੋਕ ਕੁਮਾਰ ਗਰਗ, ਘਨੱਈਆ ਗਰਗ, ਜਗਮੇਲ ਸਿੰਘ ਬਰਾੜ, ਗੌਰਵ ਗਰਗ, ਡਿੰਪੀ ਗਰਗ ਅਤੇ ਅੰਕੁਰ ਗਰਗ ਨੇ ਦੀਪ ਜਗਾ ਕੇ ਕੀਤਾ | ਨਰਸਰੀ ਤੋਂ ਲੈ ਕੇ ਸੀਨੀਅਰ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੇ ਸਾਲਾਨਾ ਸਮਾਗਮ 'ਆਕਾਂਕਸ਼ਯੇਨ' ਵਿਚ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ | ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਸਮਾਜਿਕ ਸੁਨੇਹਿਆਂ 'ਤੇ ਆਧਾਰਿਤ ਨਾਚਾਂ, ਸਮੂਹ ਗੀਤਾਂ, ਨਾਟਕਾਂ ਅਤੇ ਪ੍ਰੋਗਰਾਮਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ | ਵਿਦਿਆਰਥੀਆਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦਰਸਾਉਂਦੇ ਹੋਏ ਇਕ ਦਿਲ ਨੂੰ ਛੂਹ ਲੈਣ ਵਾਲਾ ਨਾਟਕ ਵੀ ਪੇਸ਼ ਕੀਤਾ | ਆਕਰਸ਼ਕ ਸਟੇਜ ਸਜਾਵਟ, ਸੁੰਦਰ ਪੁਸ਼ਾਕ ਅਤੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੇ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਇਆ | ਪਿ੍ੰਸੀਪਲ ਗੁਰਸੇਵਕ ਕੌਰ ਮਾਨ ਨੇ ਕਿਹਾ ਕਿ 'ਆਕਾਂਕਸ਼ਯੇਨ' ਸਿਰਫ਼ ਇਕ ਸੱਭਿਆਚਾਰਕ ਸਮਾਗਮ ਨਹੀਂ ਹੈ, ਸਗੋਂ ਵਿਦਿਆਰਥੀਆਂ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਸੁਪਨਿਆਂ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਮੌਕਾ ਹੈ | ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਦੀ ਉਨ੍ਹਾਂ ਦੇ ਸਮਰਥਨ ਲਈ ਸ਼ਲਾਘਾ ਕੀਤੀ | ਸਮਾਗਮ ਦੌਰਾਨ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ |