ਮੰਡੀ ਕਿੱਲਿਆਂਵਾਲੀ, 28 ਮਾਰਚ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਵਿਖੇ 'ਪੰਜਾਬੀ ਪਰੰਪਰਾਗਤ ਹਸਤ-ਦਸਤਕਾਰੀ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਹਰਵਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ | ਇਸ ਮੌਕੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਡਾਇਰੈਕਟਰ-ਪਿੰ੍ਰਸੀਪਲ ਡਾ. ਐੱਸ.ਐੱਸ. ਸੰਘਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਬੁਲਾਰੇ ਡਾ. ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਪੰਜਾਬੀ ਪਰੰਪਰਾਗਤ ਹਸਤ-ਦਸਤਕਾਰੀ ਦੀ ਸੰਭਾਲ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਨਾਲ ਨਾਲ ਇਸ ਦੀ ਅਸਲੀਅਤ ਕਾਇਮ ਰੱਖਣ 'ਤੇ ਜ਼ੋਰ ਦਿੱਤਾ | ਉਨ੍ਹਾਂ ਆਨਲਾਈਨ ਸਾਧਨਾਂ ਦੀਆਂ ਹੱਦਾਂ ਤੇ ਚੁਣੌਤੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਇਸ ਵਿਰਾਸਤ ਨੂੰ ਰੁਜ਼ਗਾਰ ਦੇ ਮੌਕੇ ਵਜੋਂ ਅਪਣਾਉਣ ਦੀ ਪ੍ਰੇਰਣਾ ਦਿੱਤੀ | ਕਾਲਜ ਪਿੰ੍ਰਸੀਪਲ ਡਾ. ਸਿਮਰਜੀਤ ਕੌਰ ਬਰਾੜ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ | ਸਟੇਜ ਸੰਚਾਲਨ ਸਹਾਇਕ ਪ੍ਰੋਫ਼ੈਸਰ ਉਂਕਾਰ ਸਿੰਘ ਚਹਿਲ ਨੇ ਕੀਤਾ | ਡਾ. ਐੱਸ.ਐੱਸ. ਸੰਘਾ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ | ਆਖ਼ਰ ਵਿਚ ਮੁੱਖ ਬੁਲਾਰੇ ਡਾ. ਹਰਵਿੰਦਰ ਸਿੰਘ ਨੂੰ ਸਨਮਾਨਤ ਕੀਤਾ ਗਿਆ |