ਮਲੋਟ, 28 ਮਾਰਚ (ਪਾਟਿਲ, ਅਜਮੇਰ ਸਿੰਘ ਬਰਾੜ)-ਅੱਜ ਪਿੰਡ ਸਰਾਵਾਂ ਬੋਦਲਾਂ ਵਿਖੇ ਸਥਿਤ ਸੀ.ਐੱਚ.ਸੀ. ਹਸਪਤਾਲ ਵਿਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਮੈਡੀਕਲ ਕੈਂਪ ਤੇ ਨਵੀਂ ਲੈਬ ਦਾ ਉਦਘਾਟਨ ਕੀਤਾ ਗਿਆ | ਕੈਬਨਿਟ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਹਸਪਤਾਲ ਵਿਚ ਨਵੀਂ ਐਕਸ-ਰੇ ਮਸ਼ੀਨ ਵੀ ਲਿਆਂਦੀ ਗਈ ਹੈ, ਜਿਸ ਨਾਲ ਮਰੀਜ਼ਾਂ ਨੂੰ ਤੁਰੰਤ ਤੇ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ | ਉਨ੍ਹਾਂ ਕਿਹਾ ਕਿ ਇਹ ਹਸਪਤਾਲ 25 ਬਿਸਤਰਿਆਂ ਦੀ ਸਮਰੱਥਾ ਵਾਲਾ ਹੈ, ਜੋ ਇਲਾਕੇ ਦੇ ਲੋਕਾਂ ਨੂੰ ਉਚ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਹਤ ਤੇ ਸਿੱਖਿਆ ਖੇਤਰ ਵਿਚ ਸੁਧਾਰ ਲਿਆਉਣਾ ਹੈ | ਇਸ ਦੇ ਨਾਲ-ਨਾਲ ਸਰਕਾਰ ਵਲੋਂ ਹੋਰ ਖੇਤਰਾਂ ਵਿਚ ਵੀ ਵੱਡੇ ਪੱਧਰ 'ਤੇ ਵਿਕਾਸ ਕਾਰਜ ਕੀਤੇ ਗਏ ਹਨ | ਸੜਕਾਂ ਦੀ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ ਅਤੇ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਗਈ ਹੈ | ਇਸ ਤੋਂ ਇਲਾਵਾ ਸ. ਖੁੱਡੀਆਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਲਈ ਆਰਥਿਕ ਸਹਾਇਤਾ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐੱਸ.ਸੀ. ਵਰਗ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਏ ਜਾ ਰਹੇ ਹਨ | ਅੰਤ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਤਰੱਕੀ ਜਾਰੀ ਰਹੇਗੀ | ਇਸ ਮੌਕੇ ਡਾ. ਸੁਨੀਲ ਬਾਂਸਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਡਾ. ਸਿੰਪਲ ਕੁਮਾਰ ਐੱਸ.ਐੱਮ.ਓ. ਆਲਮਵਾਲਾ, ਡਾ. ਅੰਮਿ੍ਤਪਾਲ ਕੌਰ ਐੱਸ.ਐੱਮ.ਓ. ਸਰਾਵਾਂ ਬੋਦਲਾ, ਡਾ. ਰਾਜਿੰਦਰ ਕੁਮਾਰ ਐੱਸ.ਐੱਮ.ਓ. ਮਲੋਟ, ਕਰਮਜੀਤ ਸਰਾਵਾਂ, ਸੋਨੂ ਸੰਧੂ ਸਰਾਵਾਂ, ਸੁੱਖਾ ਗੁਰੂਸਰ, ਪਾਲਾ ਬੁਰਜਾਂ, ਮੋਹਨ ਸਿੰਘ ਕੱਟਿਆਂਵਾਲੀ, ਬਲਜਿੰਦਰ ਕੱਟਿਆਂਵਾਲੀ, ਅਨੋਖ ਸਿੰਘ ਸਰਪੰਚ ਕਬਰਵਾਲਾ, ਨਿਰਮਲ ਸਿੰਘ ਕਬਰਵਾਲਾ, ਰਸ਼ਪਾਲ ਸਰਪੰਚ ਗੁਰੂਸਰ, ਸਤਨਾਮ ਸਰਪੰਚ ਸਰਾਵਾਂ ਬੋਦਲਾ, ਸਤਪਾਲ ਸਰਾਵਾਂ ਬੋਦਲਾ, ਗੁਰਜੀਤ ਜੀਤੂ ਰਾਣੀ ਵਾਲਾ, ਡਾ. ਏਕਤਾ ਸਿਆਲ, ਡਾ. ਵਿਕਾਸ ਕੁਮਾਰ, ਡਾ. ਰਮਿਤੀ, ਡਾ. ਮਨਜੋਤ ਭੌਰਾ, ਡਾ. ਪਰਿਕਸ਼ਾ, ਬਲਕਾਰ ਸਿੰਘ, ਜਰਨੈਲ ਸਿੰਘ ਢਿੱਲੋਂ, ਸਮੂਹ ਫ਼ੀਲਡ ਸਟਾਫ਼ ਸੀ.ਐੱਚ.ਸੀ. ਆਲਮਵਾਲਾ ਅਤੇ ਸਰਾਵਾਂ ਬੋਦਲਾ, ਪੀ.ਏ. ਗੁਰਬਾਜ ਖੁੱਡੀਆਂ, ਮੀਡੀਆ ਐਡਵਾਈਜ਼ਰ ਮੋਹਿਤ ਸੋਨੀ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ |