ਫ਼ਰੀਦਕੋਟ, 5 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕਿਸਾਨ 6 ਮਹੀਨੇ ਫ਼ਸਲ ਨੂੰ ਪੁੱਤਾਂ ਵਾਂਗ ਪਾਲਦੇ ਹੈ ਪਰ ਜਦੋਂ ਕੁਦਰਤੀ ਕਰੋਪੀ ਆ ਜਾਵੇ ਤਾਂ ਫਿਰ ਕਿਸਾਨ ਕੀ ਕਰੇ | ਫ਼ਰੀਦਕੋਟ ਇਲਾਕੇ 'ਚ ਬੇਮੌਸਮੀ ਬਰਸਾਤ ਤੇ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ | ਕਣਕ ਦੀ ਤਿਆਰ ਖੜੀ ਫ਼ਸਲ ਮੀਂਹ ਤੇ ਤੇਜ਼ ਹਵਾਵਾਂ ਕਾਰਨ ਡਿੱਗ ਗਈ ਹੈ, ਜਿਸ ਨਾਲ ਉਤਪਾਦਨ 'ਤੇ ਭਾਰੀ ਅਸਰ ਪਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦੀ ਮਾਰ ਨੇ ਉਨ੍ਹਾਂ ਦੀ ਸਾਰੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ | ਕਿਸਾਨਾਂ ਨੇ ਦੱਸਿਆ ਕਿ ਮੌਸਮ ਦੇ ਅਚਾਨਕ ਬਦਲਣ ਨਾਲ ਫ਼ਸਲ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ | ਇਹ ਕੁਦਰਤੀ ਆਫ਼ਤ ਕਿਸਾਨਾਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਅੱਜ ਦੀ ਬਾਰਿਸ਼ ਨੇ ਉਨ੍ਹਾਂ ਦੀ ਮਿਹਨਤ ਨੂੰ ਮਿੱਟੀ ਕਰ ਦਿੱਤਾ ਹੈ | ਵਿਆਜ ਚੁੱਕ ਕੇ ਫ਼ਸਲ ਬੀਜੀ ਸੀ ਪਰ ਅੱਜ ਉਨ੍ਹਾਂ ਹੱਥ ਖਰਾਬ ਫ਼ਸਲ ਹੈ | ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ | ਸਾਬਕਾ ਸਰਪੰਚ ਗੁਰਬਿੰਦਰ ਸਿੰਘ ਨੇ ਵੀ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਤੇ ਫ਼ਸਲ ਦੀ ਗੁਣਵੱਤਾ ਵੀ ਖਰਾਬ ਹੋ ਗਈ ਹੈ | ਜਿੱਥੇ ਪਹਿਲਾਂ 20 ਕੁਇੰਟਲ ਪ੍ਰਤੀ ਏਕੜ ਉਮੀਦ ਸੀ, ਹੁਣ 5 ਕੁਇੰਟਲ ਵੀ ਨਹੀਂ ਮਿਲਣਗੇ | ਇਹ ਹਾਲਾਤ ਕਿਸਾਨਾਂ ਲਈ ਬਹੁਤ ਹੀ ਨਿਰਾਸ਼ਾਜਨਕ ਹਨ | ਉਨ੍ਹਾਂ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਮੌਸਮ ਸਾਫ਼ ਹੋਇਆ ਤਾਂ ਕੁਝ ਫ਼ਸਲ ਬਚਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ |