ਖ਼ਾਲੀ ਪਲਾਟ 'ਚ ਕੂੜਾ ਸੁੱਟਣ ਨੂੰ ਲੈ ਕੇ ਗੁਆਂਢੀਆਂ ਦਰਮਿਆਨ ਹੋਈ ਲੜਾਈ
ਅਜੀਤ ਡੈਸਕ
07-04-2026
ਗਿੱਦੜਬਾਹਾ, 6 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਗਲੀ ਵਿਚ ਸਥਿਤ ਖ਼ਾਲੀ ਪਲਾਟ 'ਚ ਕੂੜਾ ਸੁੱਟਣ ਨੂੰ ਲੈ ਕੇ ਗੁਆਂਢੀਆਂ ਦਰਮਿਆਨ ਹੋਏ ਝਗੜੇ ਵਿਚ 15 ਸਾਲਾਂ ਨਾਬਾਲਗ ਲੜਕੀ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਘਟਨਾ ਸਨਿਚਰਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ | ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਥਾਣਾ ਗਿੱਦੜਬਾਹਾ ਵਿਖੇ ਇਕ ਦਰਖ਼ਾਸਤ ਵੀ ਦਾਇਰ ਕੀਤੀ ਹੈ | ਪੂਰੇ ਮਾਮਲੇ ਸੰਬੰਧੀ ਪੀੜਤ ਨਾਬਾਲਗ ਲੜਕੀ ਦੇ ਪਿਤਾ ਕਪਿਲ ਚਲਾਨਾ ਨੇ ਦੱਸਿਆ ਕਿ ਸਨਿਚਰਵਾਰ ਦੇਰ ਸ਼ਾਮ ਉਨ੍ਹਾਂ ਦੀ ਨਾਬਾਲਗ ਲੜਕੀ ਘਰ ਦਾ ਕੂੜਾ ਕਰਕਟ ਘਰ ਦੇ ਸਾਹਮਣੇ ਸਥਿਤ ਖ਼ਾਲੀ ਪਲਾਟਾਂ ਵਿਚ ਸੁੱਟਣ ਗਈ ਸੀ, ਤਾਂ ਇਸੇ ਦੌਰਾਨ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਬਲਕਾਰ ਸਿੰਘ ਦੀ ਪਤਨੀ, ਲੜਕੀ ਖ਼ੁਸ਼ੀ ਤੇ ਜਵਾਈ ਅਭਿਜੋਤ ਸਿੰਘ ਨੇ ਉਸ ਦੀ ਲੜਕੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਗਲੀ ਵਿਚੋਂ ਘਸੀੜਦੇ ਹੋਏ ਆਪਣੇ ਘਰ 'ਚ ਲੈ ਗਏ |
ਇਨ੍ਹਾਂ ਹੀ ਨਹੀਂ ਉਕਤਾਨ ਨੇ ਉਸ ਦੀ ਨਾਬਾਲਗ ਲੜਕੀ ਨੂੰ ਘਰ 'ਚ ਲੱਗੀ ਕਿੱਕਰ ਨਾਲ ਬੰਨ ਲਿਆ ਤੇ ਫ਼ਿਰ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਗਲੀ ਨੂੰ ਚੰੁਨੀ ਨਾਲ ਘੁੱਟ ਦਿੱਤਾ | ਇਸੇ ਦੌਰਾਨ ਉਸ ਦੀ ਪਤਨੀ ਹੀਨਾ ਚਲਾਨਾ ਲੜਕੀ ਦਾ ਸ਼ੋਰ ਸ਼ਰਾਬਾ ਸੁਣ ਕੇ ਲੜਕੀ ਨੂੰ ਉਕਤਾਨ ਪਾਸੋਂ ਛੁਡਵਾਇਆ | ਕੁੱਟਮਾਰ ਤੇ ਗਲੇ ਨੂੰ ਚੰੁਨੀ ਨਾਲ ਘੁੱਟਣ ਕਾਰਨ ਲੜਕੀ ਦੇ ਕਾਫ਼ੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਅਜੇ ਵੀ ਲੜਕੀ ਜੇਰੇ ਇਲਾਜ ਹੈ | ਉੱਧਰ ਉਕਤ ਮਾਮਲੇ ਵਿਚ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨ 'ਤੇ ਡਾਕਟਰੀ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |