ਕੋਟਕਪੂਰਾ, 8 ਅਪ੍ਰੈਲ (ਮੇਘਰਾਜ)-ਅੱਜ ਦੁਪਹਿਰ ਸਮੇਂ ਹੋਈ ਭਾਰੀ ਬਾਰਿਸ਼ ਤੇ ਤੇਜ਼ ਹਵਾ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ | ਕਣਕ ਦੀ ਫ਼ਸਲ ਖੇਤਾਂ 'ਚ ਬਿਲਕੁਲ ਪੱਕ ਕੇ ਤਿਆਰ ਖੜ੍ਹੀ ਹੈ ਤੇ ਇਕ ਦੋ ਦਿਨਾਂ 'ਚ ਮਸ਼ੀਨਾਂ ਚੱਲਣ ਦੀ ਉਮੀਦ ਸੀ | ਕਿਸਾਨਾਂ ਨੇ ਕਣਕ ਵੱਢਣ ਦੀਆਂ ਤਿਆਰੀਆਂ ਕਰ ਲਈਆਂ ਸਨ ਪਰ ਭਾਰੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਬਾਰਿਸ਼ ਕਾਰਨ ਖੇਤਾਂ 'ਚ ਪਾਣੀ ਖੜ੍ਹ ਗਿਆ ਹੈ | ਅਗਲੇ ਦਿਨਾਂ 'ਚ ਬਾਰਿਸ਼ ਨਾ ਆਉਣ 'ਤੇ ਖੇਤਾਂ ਦੇ ਵੱਤਰ ਆਉਣ 'ਚ ਕਰੀਬ 10 ਦਿਨਾਂ ਦਾ ਸਮਾਂ ਲੱਗ ਸਕਦਾ ਹੈ | ਗਿੱਲੇ ਵਾਹਨਾਂ 'ਚ ਕੰਬਾਇਨਾਂ ਚੱਲਣ 'ਚ ਅਸਮਰੱਥ ਹੋ ਜਾਂਦੀਆਂ ਹਨ | ਪਿਛਲੇ ਦਿਨਾਂ 'ਚ ਪਈ ਬਾਰਿਸ਼ ਕਾਰਨ ਅਗੇਤੀਆਂ ਕਣਕਾਂ ਧਰਤੀ 'ਤੇ ਵਿੱਛ ਚੁੱਕੀਆਂ ਸਨ ਤੇ ਕਣਕਾਂ ਪੱਕੀਆਂ ਹੋਣ ਕਾਰਨ ਦਾਣੇ ਧਰਤੀ 'ਤੇ ਕਿਰ ਰਹੇ ਸਨ ਜਿਸ ਨਾਲ ਕਿਸਾਨਾਂ ਦਾ ਕਾਫ਼ੀ ਹੱਦ ਤੱਕ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ | ਕਣਕਾਂ ਤੋਂ ਇਲਾਵਾ ਕਿਸਾਨਾਂ ਵਲੋਂ ਬੀਜੇ ਹਰੇ ਚਾਰੇ, ਮੂੰਗੀ, ਗੋਭੀ ਤੇ ਹੋਰ ਫਸਲਾਂ 'ਚ ਵੀ ਪਾਣੀ ਖੜ੍ਹ ਗਿਆ ਹੈ ਤੇ ਕਾਫ਼ੀ ਨੁਕਸਾਨ ਹੋ ਚੁੱਕਾ ਹੈ | ਕਈ ਖੇਤਾਂ 'ਚ ਖੜ੍ਹੀਆਂ ਕਣਕਾਂ ਦੇ ਅੱਜ ਦੀ ਬਾਰਿਸ਼ ਕਾਰਨ ਡਿੱਗ ਗਈਆਂ ਹਨ | ਮੁੱਖ ਮੰਤਰੀ ਵਲੋਂ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਵੀ ਹੁਕਮ ਦਿੱਤੇ ਜਾ ਚੁੱਕੇ ਹਨ | ਪਹਿਲਾਂ ਹੀ ਮੰਦਹਾਲੀ ਦੀ ਹਾਲਤ 'ਚ ਗੁਜ਼ਰ ਰਹੇ ਕਿਸਾਨਾਂ ਦੀ ਸਰਕਾਰ ਵਲੋਂ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਕੋਈ ਕਿਸਾਨ ਕਰਜ਼ੇ ਦੇ ਜੰਜਾਲ 'ਚੋਂ ਬਾਹਰ ਨਿਕਲ ਸਕੇ | ਮੌਸਮ ਵਿਭਾਗ ਵਲੋਂ ਅੱਜ ਤੋਂ 10 ਤਰੀਕ ਤੱਕ ਹੋਰ ਮੀਂਹ ਪੈਣ, ਗੜੇਮਾਰੀ ਤੇ ਗਰਜ਼ ਦੀ ਪੇਸ਼ੀਨਗੋਈ ਕੀਤੀ ਹੈ ਜੋ ਫਸਲਾਂ ਲਈ ਮਾਰੂ ਸਾਬਤ ਹੋ ਸਕਦੀ ਹੈ |