• ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ
ਕੋਟਕਪੂਰਾ, 8 ਅਪ੍ਰੈਲ (ਮੋਹਰ ਸਿੰਘ ਗਿੱਲ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੇ ਪ੍ਰਧਾਨ ਜਗਤਾਰ ਸਿੰਘ ਹਰੀਨੌ ਦੀ ਅਗਵਾਈ 'ਚ ਇਕ ਮੰਗ ਪੱਤਰ ਤਹਿਸੀਲਦਾਰ ਨੂੰ ਦਿੱਤਾ ਗਿਆ | ਮੰਗ ਪੱਤਰ 'ਚ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨ, ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ ਤੇ ਕੁਝ ਹੋਰ ਮੰਗਾਂ ਸ਼ਾਮਿਲ ਹਨ | ਪ੍ਰਧਾਨ ਜਗਤਾਰ ਸਿੰਘ ਹਰੀਨੌਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਰਕਾਰ ਬਣਨ ਸਮੇਂ ਕੀਤੇ ਗਏ ਵਾਅਦੇ ਅਨੁਸਾਰ ਨੰਬਰਦਾਰਾਂ ਦੀ ਜ਼ਰੂਰੀ ਮੰਗਾਂ ਤੁਰੰਤ ਪੂਰੀਆਂ ਕਰੇ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 'ਆਪ' ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਮੁਕੰਮਲ ਹੋਣ ਦੇ ਬਾਵਜੂਦ ਵੀ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ 'ਤੇ ਗੌਰ ਨਹੀਂ ਕੀਤੀ ਗਈ, ਜਿਸ ਕਾਰਨ ਨੰਬਰਦਾਰਾਂ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਮਨਾਉਣ ਲਈ ਚੰਡੀਗੜ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੰਜਾਬ ਪੱਧਰੀ ਰੈਲੀ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਮੰਗ ਪੱਤਰ ਦੇਣ ਸਮੇਂ ਤਹਿਸੀਲ ਕੋਟਕਪੂਰਾ ਦੇ ਪ੍ਰਧਾਨ ਗੁਰਚਰਨ ਸਿੰਘ ਵਾੜਾਦਰਾਕਾ, ਤਹਿਸੀਲ ਫ਼ਰੀਦਕੋਟ ਦੇ ਪ੍ਰਧਾਨ ਬਲਜੀਤ ਸਿੰਘ ਮੰਡਵਾਲਾ, ਜਨਰਲ ਸਕੱਤਰ ਦਰਸ਼ਨ ਸਿੰਘ ਕੋਟਕਪੂਰਾ, ਰਵਿੰਦਰ ਸਿੰਘ ਚੰਦਬਾਜਾ, ਦਰਸ਼ਨ ਸਿੰਘ, ਜ਼ਿਲ੍ਹਾ ਖ਼ਜਾਨਚੀ ਤੇਜਿੰਦਰ ਸਿੰਘ ਖਾਰਾ, ਨੰਬਰਦਾਰ ਹਰਜੀਤ ਸਿੰਘ ਧੂੜਕੋਟ, ਨੰਬਰਦਾਰ ਗੁਰਦੇਵ ਸਿੰਘ, ਲਛਮਣ ਸਿੰਘ ਚੱਕ ਕਲਿਆਣ, ਨੰਬਰਦਾਰ ਬੇਅੰਤ ਸਿੰਘ ਚਹਿਲ, ਦਵਿੰਦਰ ਸਿੰਘ ਮੰਡਵਾਲਾ ਹਾਜ਼ਰ ਸਨ |
ਪੰਜਾਬ ਸਰਕਾਰ ਵਾਅਦੇ ਅਨੁਸਾਰ ਮੰਗਾਂ ਪੂਰੀਆਂ ਕਰੇ- ਜਗਤਾਰ ਸਿੰਘ ਹਰੀਨੌਂ
ਅਜੀਤ ਡੈਸਕ
09-04-2026