ਕਟਾਈ ਲਈ ਤਿਆਰ ਖੜ੍ਹੀ ਕਣਕ ਦੀ ਪੱਕੀ ਫ਼ਸਲ 'ਤੇ ਬੇਮੌਸਮੀਂ ਬਾਰਿਸ਼ ਦੇ ਕਹਿਰ ਨੇ ਕਿਸਾਨ ਕੀਤੇ ਪ੍ਰੇਸ਼ਾਨ
ਅਜੀਤ ਡੈਸਕ
09-04-2026
ਕਈ ਦਿਨਾਂ ਤੋਂ ਮੌਸਮ ਦੇ ਬਦਲੇ ਮਿਜਾਜ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ, ਮੀਂਹ ਤੇ ਗੜ੍ਹੇਮਾਰੀ ਨਾਲ ਕਈ ਥਾਂਈ ਇਸ ਸੋਨੇ ਰੰਗੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ | ਸਾਦਿਕ ਇਲਾਕੇ ਦੇ ਕਈ ਖੇਤਰਾਂ 'ਚ ਮੀਂਹ ਪੈਣ ਤੇ ਹਵਾ ਚੱਲਣ ਨਾਲ ਨਿਸਾਰੇ 'ਤੇ ਆਈ ਕਣਕ ਦੀ ਫ਼ਸਲ ਆਪਣੇ ਭਾਰ ਨਾਲ ਹੀ ਧਰਤੀ 'ਤੇ ਵਿਛ ਗਈ ਹੈ ਤੇ ਡਿੱਗੀ ਪਈ ਕਣਕ ਦੀਆਂ ਬੱਲੀਆਂ ਕਾਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਡਿੱਗੀਆਂ ਕਣਕਾਂ ਦਾ ਝਾੜ ਘੱਟਣ ਕਾਰਨ ਭਾਰੀ ਆਰਥਿਕ ਨੁਕਸਾਨ ਹੋਵੇਗਾ, ਉੱਥੇ ਲਾਂਗੇ (ਨਾੜ) ਦਾ ਰੰਗ ਕਾਲਾ ਹੋ ਜਾਣ ਕਾਰਨ ਤੂੜੀ ਵੀ ਕਾਲੇ ਰੰਗ 'ਚ ਬਣੇਗੀ ਦਾ ਵੀ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਮਿਲੇਗਾ | ਮੀਂਹ ਜਾਂ ਗੜਿ੍ਹਆਂ ਕਾਰਨ ਖੇਤਾਂ 'ਚ ਕਣਕਾਂ ਵਿੱਛ ਗਈਆਂ ਹਨ, ਦੀ ਕਟਾਈ ਕਰਨ 'ਚ ਵੀ ਮੁਸ਼ਕਿਲ ਆਵੇਗੀ ਕਿਉਂਕਿ ਡਿੱਗੀ ਹੋਈ ਕਣਕ ਦੀ ਕਟਾਈ ਕਰਨ 'ਚ ਕੰਬਾਇਨਾਂ ਵਾਲਿਆਂ ਨੂੰ ਦਿੱਕਤ ਆਵੇਗੀ | ਜਿਸ ਕਰਕੇ ਉਹ ਡਿੱਗੀਆਂ ਕਣਕਾਂ ਦੀ ਕਟਾਈ ਲਈ ਵੱਧ ਖਰਚੇ ਦੀ ਮੰਗ ਕਰਨਗੇ ਨਾਲ ਵੀ ਕਿਸਾਨਾਂ 'ਤੇ ਆਰਥਿਕ ਬੋਝ ਪਵੇਗਾ ਤੇ ਖ਼ਰਾਬ ਮੌਸਮ ਦੇ ਚੱਲਦਿਆਂ ਫ਼ਸਲ ਦੇ ਮੰਡੀਕਰਨ 'ਚ ਵੀ ਮੁਸ਼ਕਿਲ ਆਵੇਗੀ ਕਿਉਂਕਿ ਖ਼ਰੀਦ ਏਜੰਸੀਆਂ ਨੇ ਮੰਡੀਆਂ 'ਚ ਕਣਕ ਦੀ ਖ਼ਰੀਦ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਕਰਨੀ ਹੈ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਬੇਇਨਸਾਫੀ ਕਰ ਰਿਹਾ ਹੈ ਤੇ ਮੰਡੀਆਂ 'ਚ ਕਣਕ ਦੀ ਖ਼ਰੀਦ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਕਣਕ ਦੀ ਕਟਾਈ ਕਰਕੇ ਮਜ਼ਬੂਰੀ ਵੱਸ ਆਪਣੇ ਘਰਾਂ ਵਿਚ ਰੱਖਣ ਲਈ ਮਜ਼ਬੂਰ ਹੋ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜ੍ਹਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ |