ਗਿੱਦੜਬਾਹਾ, 13 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰ. ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਵਿਸਾਖੀ ਦੇ ਤਿਉਹਾਰ ਨਾਲ ਸੰਬੰਧਿਤ ਰਵਾਇਤੀ ਪਹਿਰਾਵੇ ਦਾ ਮੁਕਾਬਲਾ ਕਰਵਾਇਆ ਗਿਆ | ਛੋਟੇ-ਛੋਟੇ ਬੱਚੇ ਰੰਗ-ਬਿਰੰਗੇ ਰਵਾਇਤੀ ਪਹਿਰਾਵੇ 'ਚ ਸਜੇ ਹੋਏ ਸਨ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਸ ਤਿਉਹਾਰ ਦੇ ਇਤਿਹਾਸਕ ਤੇ ਸੱਭਿਆਚਾਰਕ ਪਿਛੋਕੜ ਸੰਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਸਤਿਕਾਰ ਨਾਲ ਮਨਾਉਣੇ ਚਾਹੀਦੇ ਹਨ | ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਸ਼ਬਦ, ਕਵਿਤਾਵਾਂ ਗਾ ਕੇ ਤੇ ਇਸ ਤਿਉਹਾਰ ਦੀ ਮਹੱਤਤਾ ਨੂੰ ਉਜ਼ਾਗਰ ਕਰਦੇ ਭਾਸ਼ਣ ਆਦਿ ਨਾਲ ਸਭ ਦੇ ਮਨ ਨੂੰ ਮੋਹ ਲਿਆ | ਇਸ ਤਿਉਹਾਰ ਨਾਲ ਸੰਬੰਧਿਤ ਵੀਡੀਓ ਆਦਿ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੂੰ ਦਿਖਾ ਕੇ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਯਤਨ ਕੀਤਾ ਗਿਆ |