ਬਰਗਾੜੀ, 14 ਅਪ੍ਰੈਲ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਸਾਖੀ ਦਾ ਸ਼ੁੱਭ ਦਿਹਾੜਾ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਸਵੇਰ ਸਮੇਂ ਦਸ਼ਮੇਸ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸੰਗਤਾਂ ਨੇ ਪੂਰੀ ਸ਼ਰਧਾ ਨਾਲ ਮੱਥਾ ਟੇਕਿਆ | ਗੁਰਦੁਆਰਾ ਸਾਹਿਬ ਵਿਖੇ ਢਾਡੀ ਸਿੰਘਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ | ਕਸਬਾ ਬਰਗਾੜੀ ਵਿਖੇ ਬਹੁਤ ਪੁਰਾਣੇ ਸਮੇਂ ਤੋਂ ਬਾਬਾ ਭੂੰਦੜਸਰ ਜੀ ਦੀ ਥਾਂ 'ਤੇ ਲੋਕਾਂ ਵਲੋਂ ਵਿਸਾਖੀ ਮਨਾਈ ਜਾਂਦੀ ਹੈ | ਲੋਕਾਂ ਨੇ ਇਸ ਥਾਂ 'ਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਮਿੱਟੀ ਕੱਢ ਕੇ ਪ੍ਰਸ਼ਾਦ, ਬਹੁਕਰਾਂ ਤੇ ਲੂਣ ਦੀਆਂ ਥੈਲੀਆਂ ਵੀ ਚੜ੍ਹਾਈਆਂ | ਕਵਿਸ਼ਰਾਂ ਨੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਦੁਕਾਨਦਾਰਾਂ ਵਲੋਂ ਵੱਡੀ ਗਿਣਤੀ 'ਚ ਦੁਕਾਨਾਂ ਸਜਾਈਆਂ ਗਈਆਂ | ਇਸ ਤੋਂ ਇਲਾਵਾ ਸੰਗਤਾਂ ਨੇ ਦੁਰਗਾ ਮੰਦਰ ਬਰਗਾੜੀ, ਡੇਰਾ ਸੰਤ ਬਾਬਾ ਪ੍ਰੀਤਮ ਦਾਸ, ਡੇਰਾ ਬਾਬਾ ਰਾਮ ਪ੍ਰਕਾਸ, ਵਿਵੇਕ ਆਸ਼ਰਮ ਬਰਗਾੜੀ, ਲਕਸ਼ਮੀ ਨਰਾਇਣ ਮੰਦਰ ਬਰਗਾੜੀ, ਸ੍ਰੀ ਕੌਲਸਰ ਸਾਹਿਬ ਆਦਿ ਧਾਰਮਿਕ ਅਸਥਾਨਾਂ 'ਤੇ ਵੀ ਮੱਥਾ ਟੇਕਿਆ |