ਫ਼ਰੀਦਕੋਟ, 18 ਅਪ੍ਰੈਲ (ਸਰਬਜੀਤ ਸਿੰਘ)-ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਗ੍ਰਾਮ ਸੇਵਕਾਂ ਵਲੋਂ ਲਗਾਤਾਰ ਕੰਮ ਪ੍ਰਤੀ ਵਿਤਕਰਾ ਕਰਨ ਸੰਬੰਧੀ ਇਕ ਮੀਟਿੰਗ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ (ਰਜਿ.) ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਵੀਰ ਸਿੰਘ ਕੰਮੇਆਣਾ ਦੀ ਪ੍ਰਧਾਨਗੀ ਹੇਠ ਇਕ ਭਰਵੀਂ ਮੀਟਿੰਗ ਸ਼ਹੀਦ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਹੋਈ | ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਕਿਹਾ ਕਿ ਯੂਨੀਅਨ ਨਰੇਗਾ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਨਹੀ ਪੈਣ ਦੇਵੇਗੀ | ਨਰੇਗਾ ਮਜ਼ਦੂਰਾਂ ਦੇ ਬੰਦ ਕੰਮਾਂ ਲਈ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਰਹੇ ਹਾਂ | ਜੇ ਇਸ ਦੇ ਖਾਤਿਰ ਸੰਘਰਸ਼ਾਂ ਦੇ ਰਾਹ ਵੀ ਅਖਤਿਆਰ ਕਰਨਾ ਪਿਆ ਤਾਂ ਗੁਰੇਜ਼ ਨਹੀਂ ਕੀਤਾ ਜਾਵੇਗਾ | ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਅਤੇ ਇਹ ਧੱਕਾ ਬਰਦਾਸਤ ਨਹੀ ਕੀਤਾ ਜਾਵੇਗਾ | ਮਜ਼ਦੂਰ ਆਗੂਆਂ ਵਲੋਂ ਬੀ. ਡੀ. ਪੀ. ਓ. ਫ਼ਰੀਦਕੋਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਜਥੇਬੰਦੀ ਨੂੰ ਤੁਰੰਤ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਨਰੇਗਾ ਮਜ਼ਦੂਰਾਂ ਕੋਲੋਂ ਜਿਸ ਜਗ੍ਹਾ 'ਤੇ ਕੰਮ ਲਿਆ ਜਾਂਦਾ ਹੈ ਉਨ੍ਹਾਂ ਦੀ ਬਣਦੀ ਹਾਜ਼ਰੀ ਉਥੇ ਹੀ ਲਗਾਈ ਜਾਵੇ ਨਾ ਕਿ ਦੋ ਤੋਂ ਚਾਰ ਕਿਲੋਮੀਟਰ ਦੂਰੀ 'ਤੇ ਪਾਸੇ, ਜੇ ਕਿਸੇ ਪਿੰਡ ਵਿਚ ਦੋ ਮੇਟ ਹਨ ਤਾਂ ਉਨ੍ਹਾਂ ਨੂੰ ਕੰਮ ਵੰਡ ਕੇ ਬਰਾਬਰ ਕੰਮ ਦਿੱਤਾ ਜਾਵੇ ਤੇ ਮੇਟ ਦੀ ਦਿਹਾੜੀ ਡਬਲ ਹੋਣੀ ਚਾਹੀਦੀ ਹੈ ਕਿਉਂਕਿ ਮੇਟ ਦਾ ਕੰਮ ਬਹੁਤ ਹੀ ਭੱਜ ਦੌੜ ਵਾਲਾ ਹੁੰਦਾ ਹੈ, ਸਰੀਰਕ ਤੌਰ 'ਤੇ ਖਾਸ ਕਰਕੇ ਬਜ਼ੁਰਗਾਂ ਨੂੰ ਅੱਖਾਂ ਸਕੈਨਿੰਗ ਕਰਵਾਉਣ ਲਈ ਹਾਜ਼ਰੀ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਕਰਕੇ ਜਥੇਬੰਦੀ ਇਹ ਵੀ ਮੰਗ ਕਰਦੀ ਹੈ ਕਿ ਇਨ੍ਹਾਂ ਬਜ਼ੁਰਗਾਂ ਦੀ ਹਾਜ਼ਰੀ ਸਿਰਫ ਅੰਗੂਠੇ ਨਾਲ ਹੀ ਲਗਾਈ ਜਾਵੇ, ਕਿਉਂਕਿ ਉਮਰ ਦੇ ਲਿਹਾਜ ਨਾਲ ਅੱਖਾਂ ਦੇ ਵਿਚ ਕਾਫੀ ਫਰਕ ਆ ਜਾਂਦਾ ਹੈ, ਕੱਟੇ ਹੋਏ ਨਰੇਗਾ ਮਜ਼ਦੂਰਾਂ ਦੇ ਜੋਬ ਕਾਰਡ ਦੁਬਾਰਾ ਬਣਾਏ ਜਾਣ ਅਤੇ ਗ੍ਰਾਮ ਸੇਵਕਾਂ ਵਲੋਂ ਪਿੰਡਾਂ ਵਿਚ ਵਿਰੋਧੀ ਧਿਰਾਂ ਨਾਲ ਰਲ ਕੇ ਨਰੇਗਾ ਮਜ਼ਦੂਰਾਂ ਨਾਲ ਕੰਮ ਪ੍ਰਤੀ ਬਹੁਤ ਜ਼ਿਆਦਾ ਵਿਤਕਰਾ ਕੀਤਾ ਜਾਂਦਾ ਹੈ ਜੋ ਕਿ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਅਤੇ ਬੰਦ ਪਏ ਕੰਮ ਨਹਿਰਾਂ, ਖਾਲੇ, ਸੂਇਆਂ ਆਦਿ ਦੇ ਕੰਮ ਜਲਦ ਚਲਾਏ ਜਾਣ | ਇਸ ਮੌਕੇ ਬਲਕਾਰ ਸਿੰਘ ਸਹੋਤਾ ਨਰੇਗਾ ਸਲਾਹਕਾਰ, ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ ਬਿਜਲੀ ਮੁਲਾਜ਼ਮ ਆਗੂ, ਪ੍ਰੈੱਸ ਸਕੱਤਰ ਸ਼ਿਵਨਾਥ ਦਰਦੀ, ਜਨਰਲ ਸਕੱਤਰ ਸੁਖਮੰਦਰ ਸਿੰਘ ਢੁੱਡੀ, ਮੇਟ ਨੱਥਾ ਸਿੰਘ, ਤਰਲੋਕ ਸਿੰਘ ਰਾਜੋਵਾਲ, ਮੇਟ ਲਵਪ੍ਰੀਤ ਕੌਰ ਪਿਪਲੀ, ਮੇਟ ਸਰਬਜੀਤ ਕੌਰ ਚੰਦਬਾਜਾ, ਮੇਟ ਰਜਨਦੀਪ ਕੌਰ ਝਾੜੀਵਾਲਾ ਆਦਿ ਨੇ ਵੀ ਸੰਬੋਧਨ ਕੀਤਾ | ਆਗੂਆਂ ਨੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਪੀ.ਏ ਗੁਰਨਾਮ ਸਿੰਘ ਵਿਰਕ ਰਾਹੀਂ ਦਿੱਤਾ |