ਗੁਰੂਹਰਸਹਾਏ, 18 ਅਪ੍ਰੈਲ (ਕਪਿਲ ਕੰਧਾਰੀ)-ਮਾਨਯੋਗ ਰਾਜ਼ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਚੋਣਾਂ 2026 ਦੇ ਸੰਬੰਧ ਵਿਚ ਵੋਟਰ ਸੂਚੀਆਂ ਨਾਲ ਜੁੜੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਇਹ ਪ੍ਰਕਿਰਿਆ 17 ਅਪ੍ਰੈਲ 2026 ਤੋਂ 23 ਅਪ੍ਰੈਲ 2026 ਤੱਕ ਜਾਰੀ ਰਹੇਗੀ |ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂਹਰਸਹਾਏ ਇਲਾਕੇ ਦਾ ਕੋਈ ਵੀ ਵੋਟਰ ਜੇਕਰ ਆਪਣੀ ਵੋਟ ਬਣਵਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ ਦਾਅਵਾ ਜਾਂ ਕਿਸੇ ਵੀ ਕਿਸਮ ਦਾ ਇਤਰਾਜ਼ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਨਿਰਧਾਰਿਤ ਸਮੇਂ ਅੰਦਰ ਆਪਣੀ ਅਰਜ਼ੀ ਦੇ ਸਕਦਾ ਹੈ | ਦਾਅਵੇ ਅਤੇ ਇਤਰਾਜ਼ ਐਸ.ਡੀ.ਐਨ ਦਫ਼ਤਰ, ਗੁਰੂਹਰਸਹਾਏ ਦੇ ਗ੍ਰਾਉਂਡ ਫਲੋਰ 'ਤੇ ਕਮਰਾ ਨੰਬਰ 1051 ਵਿਚ ਦਫ਼ਤਰੀ ਸਮੇਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ | ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ | ਇਹ ਕੈਂਪ 20 ਅਪ੍ਰੈਲ 2026 ਅਤੇ 21 ਅਪ੍ਰੈਲ 2026 ਨੂੰ ਐਸ.ਡੀ.ਐਨ ਦਫ਼ਤਰ, ਗੁਰੂਹਰਸਹਾਏ ਵਿਚ ਲਗਾਏ ਜਾਣਗੇ, ਜਿੱਥੇ ਅਧਿਕਾਰੀ ਮੌਕੇ 'ਤੇ ਹੀ ਲੋਕਾਂ ਦੇ ਦਾਅਵੇ ਅਤੇ ਇਤਰਾਜ਼ ਸਵੀਕਾਰ ਕਰਨਗੇ | ਪ੍ਰਸ਼ਾਸਨ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਨਿਰਧਾਰਿਤ ਮਿਆਦ 23 ਅਪ੍ਰੈਲ 2026 ਤੋਂ ਬਾਅਦ ਕਿਸੇ ਵੀ ਵਿਅਕਤੀ ਦਾ ਦਾਅਵਾ ਜਾਂ ਇਤਰਾਜ਼ ਕਬੂਲ ਨਹੀਂ ਕੀਤਾ ਜਾਵੇਗਾ | ਇਸ ਲਈ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਵੋਟਰ ਜਾਣਕਾਰੀ ਦੀ ਜਾਂਚ ਕਰਕੇ ਸਮੇਂ ਸਿਰ ਲੋੜੀਂਦੇ ਦਾਅਵੇ ਜਾਂ ਇਤਰਾਜ਼ ਜ਼ਰੂਰ ਪੇਸ਼ ਕਰਨ ਤਾਂ ਜੋ ਚੋਣ ਪ੍ਰਕਿਰਿਆ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਜਾ ਸਕੇ |