ਫ਼ਰੀਦਕੋਟ, 18 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਵਿਸ਼ਵ ਵਿਰਾਸਤ ਦਿਵਸ 'ਤੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਆਪਣੇ ਵਿਰਸੇ ਦੀ ਮਹੱਤਤਾ ਨੂੰ ਸਮਝਦਿਆਂ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ | ਸਮਾਗਮ ਦੀ ਸ਼ੁਰੂਆਤ ਵਿਰਸੇ ਨਾਲ ਜੁੜੇ ਕੁਝ ਪ੍ਰਾਚੀਨ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਦੀ ਜਾਣਕਾਰੀ ਨਾਲ ਹੋਈ, ਜਿਸ ਨੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾਈ ਅਤੇ ਸੱਭਿਆਚਾਰਕ ਧਰੋਹਰ ਨਾਲ ਜੋੜਿਆ | ਇਸ ਤੋਂ ਬਾਅਦ ਰਵਦੀਪ ਸਿੰਘ ਨੇ ਆਪਣੇ ਵਿਸ਼ੇਸ਼ ਤੱਥਾਂ ਰਾਹੀਂ ਵਿਸ਼ਵ ਵਿਰਾਸਤ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਹਿਮੀਅਤ 'ਤੇ ਰੌਸ਼ਨੀ ਪਾਈ | 9ਵੀਂ ਈਕੋ ਜਮਾਤ ਦੀਆਂ ਵਿਦਿਆਰਥਣਾਂ ਨੇ ਆਪਣੇ ਸੁਰੀਲੇ ਗੀਤ 'ਜਗਾ ਦੇ ਮੋਮਬੱਤੀਆਂ' ਦੀ ਮਨਮੋਹਕ ਪੇਸ਼ਕਸ਼ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ | ਇਸ ਮੌਕੇ ਲੈਕਚਰਾਰ ਰਾਜਦੀਪ ਕੌਰ ਨੇ ਵਿਸ਼ਵ ਵਿਰਾਸਤ ਦਿਵਸ ਦੀ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ਸਾਡਾ ਵਿਰਸਾ ਹੀ ਸਾਡੀ ਅਸਲੀ ਪਹਿਚਾਣ ਹੈ ਅਤੇ ਇਸ ਦੀ ਸੰਭਾਲ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਯੋਗ ਅਗਵਾਈ ਅਤੇ ਸੱਚਾਈ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਸਕੂਲ ਹੈਰੀਟੇਜ ਸ਼ੋਅ ਰਾਹੀਂ ਸੰਸਥਾ ਦੀਆਂ ਬਹੁਮੁੱਲੀਆਂ ਪ੍ਰਾਪਤੀਆਂ, ਸੰਸਕਾਰਾਂ ਅਤੇ ਉੱਚ ਮੁੱਲਾਂ ਨੂੰ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ | ਪਿ੍ੰਸੀਪਲ / ਡਾਇਰੈਕਟਰ ਡਾ. ਐਸ. ਐਸ. ਬਰਾੜ ਨੇ ਕਿਹਾ ਕਿ ਵਿਰਾਸਤ ਸਿਰਫ਼ ਪੁਰਾਣੀਆਂ ਇਮਾਰਤਾਂ ਤੱਕ ਸੀਮਤ ਨਹੀਂ ਹੁੰਦੀ, ਸਗੋਂ ਸਾਡੀਆਂ ਕਦਰਾਂ-ਕੀਮਤਾਂ, ਸੰਸਕਾਰ, ਪਹਿਰਾਵਾ ਅਤੇ ਅਨੁਸ਼ਾਸਨ ਹੀ ਸਾਡੀ ਅਸਲੀ ਵਿਰਾਸਤ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਦੀ ਸੰਭਾਲ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ |