ਬਰਗਾੜੀ, 18 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਜਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਨੇ ਸੱਤ੍ਹਾ ਦੀ ਵਾਂਗਡੋਰ ਸੰਭਾਲੀ ਹੈ ਉਸ ਸਮੇਂ ਤੋਂ ਲੈ ਕੇ ਹਾੜ੍ਹੀ ਦੇ ਸੀਜ਼ਨ ਦੌਰਾਨ ਹਰ ਸਾਲ ਨਹਿਰੀ ਪਾਣੀ ਦੀ ਲੰਮੀ ਬੰਦੀ ਰਹਿੰਦੀ ਹੈ | ਗਰਮੀ ਦਾ ਮੌਸਮ ਹੋਣ ਕਰਕੇ ਜਿਥੇ ਪਸ਼ੂ, ਪੰਛੀ, ਪਿਆਸੇ ਮਰਦੇ ਹਨ ਅਤੇ ਰੁੱਖ ਤੇ ਹੋਰ ਬਨਸਪਤੀ ਇਸ ਪਾਣੀ ਦੀ ਕਾਰਨ ਮੁਰਝਾ ਜਾਂਦੇ ਹਨ ਉਥੇ ਕਿਸਾਨਾਂ ਨੂੰ ਵੀ ਮਜ਼ਬੂਰੀ ਵੱਸ ਪਸ਼ੂਆਂ ਦੇ ਚਾਰੇ ਅਤੇ ਹੋਰ ਫ਼ਲ ਸਬਜ਼ੀਆਂ ਨੂੰ ਪਾਣੀ ਦੇਣ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨੀ ਪੈ ਰਹੀ ਹੈ | ਇਸ ਤੋਂ ਇਲਾਵਾ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ | ਸੂਏ ਕੱਸੀਆਂ 'ਚ ਪਾਣੀ ਨਾ ਹੋਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਪਾਣੀ ਨੇੜੇ ਨਾ ਹੋਣ ਕਰਕੇ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਹੁੰਦਾ ਹੈ | ਦਿਨ ਸਮੇਂ ਬਿਜਲੀ ਦੇ ਕੱਟ ਲੱਗੇ ਹੋਣ ਕਰਕੇ ਕਿਸਾਨ ਮੋਟਰਾਂ ਚਲਾ ਕਿ ਵੀ ਪਾਣੀ ਉਪਲੱਪਧ ਨਹੀਂ ਕਰਵਾ ਸਕਦੇ | ਪਾਣੀ ਦੀ ਲੰਮੀ ਬੰਦੀ ਹੋਣ ਕਰਕੇ ਪਿੰਡਾਂ ਦੇ ਜਲਘਰ ਵੀ ਪਾਣੀ ਤੋਂ ਪਿਆਸੇ ਹੋ ਜਾਂਦੇ ਹਨ | ਉਪਰੋਕਤ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੂਏ, ਕੱਸੀਆਂ 'ਚ ਥੋੜਾ ਬਹੁਤਾ ਪਾਣੀ ਜ਼ਰੂਰ ਛੱਡਿਆ ਜਾਵੇ |