ਕੋਟਕਪੂਰਾ, 18 ਅਪ੍ਰੈਲ (ਮੋਹਰ ਸਿੰਘ ਗਿੱਲ)-ਬੀਤੀ ਦੇਰ ਸ਼ਾਮ ਨੇੜਲੇ ਪਿੰਡ ਖਾਰਾ ਵਿਖੇ ਮੋਟਰਸਾਈਕਲ ਅਤੇ ਕਾਰ ਦਰਮਿਆਨ ਹੋਈ ਟੱਕਰ ਤੋਂ ਬਾਅਦ ਇਕ ਨੌਜਵਾਨ ਦੀ ਦੁਖਦਾਇਕ ਮੌਤ ਅਤੇ ਦੂਜੇ ਦੇ ਸਖਤ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ | ਸਥਾਨਕ ਸਦਰ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਚਰਨਜੀਤ ਰਾਮ ਪੁੱਤਰ ਨੱਥੂ ਰਾਮ ਵਾਸੀ ਪਿੰਡ ਖਾਰਾ ਨੇ ਦੱਸਿਆ ਕਿ ਉਸਦਾ ਬੇਟਾ ਕਰਮਵੀਰ ਰਾਮ (23) ਆਪਣੇ ਦੋਸਤ ਗੁਰਵਿੰਦਰ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਪਿੰਡ ਖਾਰਾ ਨਾਲ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਉਸਦਾ ਮੋਟਰਸਾਈਕਲ ਬਲਜੀਤ ਸਿੰਘ ਪੁੱਤਰ ਨੰਦ ਸਿੰਘ ਵਾਸੀ ਪਿੰਡ ਖਾਰਾ ਦੀ ਕਾਰ ਦੀ ਲਪੇਟ ਵਿਚ ਆ ਕੇ ਹਾਦਸਾਗ੍ਰਸਤ ਹੋ ਗਿਆ | ਜਿਸ ਨਾਲ ਕਰਮਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਵਿੰਦਰ ਨੂੰ ਜ਼ਖਮੀ ਹਾਲਤ ਵਿਚ ਤੁਰੰਤ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ | ਪਤਾ ਲੱਗਣ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਹਿਲਾਂ ਮਿ੍ਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਫਿਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਜਾ ਕੇ ਜ਼ਖ਼ਮੀ ਦਾ ਇਲਾਜ ਸਹੀ ਢੰਗ ਨਾਲ ਕਰਨ ਲਈ ਡਾਕਟਰਾਂ ਨੂੰ ਹਦਾਇਤ ਕੀਤੀ | ਥਾਣਾ ਮੁਖੀ ਇੰਸ. ਗੁਰਾਂਦਿੱਤਾ ਸਿੰਘ ਅਤੇ ਤਫ਼ਤੀਸ਼ੀ ਅਫਸਰ ਏਐਸਆਈ ਤਿਲਕ ਰਾਜ ਮੁਤਾਬਿਕ ਚਰਨਜੀਤ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਬਲਜੀਤ ਸਿੰਘ ਨੂੰ ਨਾਮਜ਼ਦ ਕਰਕੇ ਹਿਰਾਸਤ ਵਿਚ ਲੈ ਲਿਆ ਹੈ | ਹਾਦਸਾਗ੍ਰਸਤ ਦੋਨੋਂ ਵਾਹਨ ਕਬਜ਼ੇ ਵਿਚ ਲੈ ਕੇ ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ |