ਸਾਦਿਕ, 20 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸਰਕਲ ਸਾਦਿਕ ਦੇ ਪ੍ਰਧਾਨ ਲਖਵੀਰ ਸਿੰਘ ਸੰਧੂ ਬੀਹਲੇਵਾਲਾ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਸਾਦਿਕ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਸਾਰੀਆਂ ਮੰਡੀਆਂ ਦਾ ਦੌਰਾ ਕੀਤਾ | ਉਨ੍ਹਾਂ ਨਾਲ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ, ਰਮਨਦੀਪ ਸਿੰਘ ਸੰਧੂ ਸੈਦੇਕੇ ਵਿੱਤ ਸਕੱਤਰ ਸਰਕਲ ਸਾਦਿਕ, ਰਾਜਬਿੰਦਰ ਸਿੰਘ ਧੌਂਸੀ ਮਹਿਮੂਆਣਾ ਸੰਗਠਨ ਸਕੱਤਰ ਸਰਕਲ ਸਾਦਿਕ, ਗੁਰਦਿਆਲ ਸਿੰਘ ਢਾਬ ਸ਼ੇਰ ਸਿੰਘ ਵਾਲਾ, ਸੇਵਕ ਸਿੰਘ ਮਾਨ ਮਰਾੜ ਤੇ ਹਰਬੰਸ ਸਿੰਘ ਸੰਧੂ ਸ਼ੇਰ ਸਿੰਘ ਵਾਲਾ ਹਾਜ਼ਰ ਸਨ | ਕਿਸਾਨ ਆਗੂਆਂ ਨੇ ਦੱਸਿਆ ਕਿ ਸਾਰੀਆਂ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਪਾਈ ਗਈ ਤੇ ਮੰਡੀਆਂ ਵਿਚ ਹੀ ਸਾਰੀਆਂ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਤੁਰੰਤ ਬਾਰਦਾਨਾ ਭੇਜਣ ਬਾਰੇ ਕਿਹਾ ਗਿਆ | ਬਾਅਦ ਵਿਚ ਵਰਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਸਾਦਿਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਾਰੀਆਂ ਮੰਡੀਆਂ ਦੀ ਸਥਿਤੀ ਬਾਰੇ ਪੁੱਛਿਆ ਗਿਆ ਤੇ ਬਾਰਦਾਨੇ ਦੀ ਪੂਰਤੀ ਕਰਨ ਬਾਰੇ 'ਤੇ ਬੋਲੀ ਵੱਧ ਤੋਂ ਵੱਧ ਲਾਉਣ ਬਾਰੇ ਕਿਹਾ ਗਿਆ | ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਤਾਂ ਕਣਕ ਵੀ ਸੁੱਕੀ ਹੈ ਤਾਂ ਵੀ ਕਿਸਾਨਾਂ ਰਾਤਾਂ ਨੂੰ ਮੰਡੀਆਂ 'ਚ ਰਾਤਾਂ ਕੱਟਣ ਅਤੇ ਮੱਛਰ ਲੜਾਉਣ ਨੂੰ ਕਿਉਂ ਮਜਬੂਰ ਕੀਤੇ ਹੋਏ ਹਨ | ਮੌਸਮ ਦਾ ਵੀ ਕੋਈ ਪਤਾ ਨੀ ਕਦੋਂ ਖਰਾਬ ਹੋ ਜਾਵੇ ਤੇ ਕਿਸਾਨ ਖੱਜਲ ਖਰਾਬ ਨਾ ਹੋਣ | ਵਰਿੰਦਰ ਸਿੰਘ ਸੈਕਟਰੀ ਸਾਦਿਕ ਨੇ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਬੁਲਾ ਕੇ ਬਾਰਦਾਨਾਂ ਹਰ ਇਕ ਮੰਡੀ ਵਿਚ ਪਹੁੰਚਾਉਣ ਬਾਰੇ ਤੇ ਬੋਲੀ ਵੱਧ ਤੋਂ ਵੱਧ ਲਾਉਣ ਬਾਰੇ ਜ਼ੋਰ ਦਿੱਤਾ ਜਾਵੇਗਾ ਤੇ ਕਿਸੇ ਵੀ ਕਿਸਾਨ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਸੈਕਟਰੀ ਦੇ ਨਾਲ ਰੇਵਤੀ ਰਮਨ ਲੇਖਾਕਾਰ ਮਾਰਕੀਟ ਕਮੇਟੀ ਸਾਦਿਕ, ਰੁਪਿੰਦਰ ਸਿੰਘ ਸੰਧੂ ਮੰਡੀ ਸੁਪਰਵਾਈਜ਼ਰ, ਗੁਰਮੀਤ ਸਿੰਘ ਸੈਦੇਕੇ ਸਹਾਇਕ ਇੰਚਾਰਜ ਸੀ.ਆਈ.ਡੀ. ਸਾਦਿਕ ਤੇ ਕਿਸਾਨ ਆਗੂ ਹਾਜ਼ਰ ਸਨ |
ਭਾਕਿਯੂ ਲੱਖੋਵਾਲ ਨੇ ਸਾਦਿਕ ਦੀਆਂ ਮੰਡੀਆਂ ਦਾ ਦੌਰਾ ਕੀਤਾ
ਅਜੀਤ ਡੈਸਕ
21-04-2026