ਫ਼ਰੀਦਕੋਟ, 20 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੀ ਟਰੇਡ ਡੀਲ ਨੂੰ ਲੈ ਕੇ ਫ਼ਾਈਨਲ ਵਾਰਤਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਡੀਲ ਦੇ ਜ਼ਰੀਏ ਭਾਰਤ ਨੂੰ ਅਮਰੀਕਾ ਦਾ ਗੁਲਾਮ ਬਣਾਉਣ ਦੀ ਕਵਾਇਤ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਸਥਿਤੀ ਇਹ ਹੈ ਕਿ ਕਿਸੇ ਵੀ ਦੂਜੇ ਦੇਸ਼ ਨਾਲ ਵਪਾਰ ਕਰਨ ਤੋਂ ਪਹਿਲਾਂ ਅਮਰੀਕਾ ਦੀ ਇਜਾਜ਼ਤ ਲੈਣੀ ਪੈ ਰਹੀ ਹੈ ਤੇ ਭਾਰਤ ਕਿਸ ਦੇਸ਼ ਨਾਲ ਵਪਾਰ ਕਰੇਗਾ ਜਾਂ ਪੈਟਰੋਲੀਅਮ ਪਦਾਰਥ ਖਰੀਦੇਗਾ ਇਹ ਅਮਰੀਕਾ ਤੈਅ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਟਰੇਡ ਡੀਲ ਜ਼ਰੀਏ ਵੱਡਾ ਨੁਕਸਾਨ ਇਹ ਹੈ ਕਿ ਜੋ ਵੀ ਸਮਾਨ ਅਮਰੀਕਾ ਭਾਰਤ ਨੂੰ ਵੇਚੇਗਾ ਉਸ ਲਈ ਭਾਰਤ ਕੋਈ ਟੈਰਿਫ ਨਹੀਂ ਲਗਾ ਸਕਦਾ ਜਿਸ ਨਾਲ ਅਮਰੀਕਾ ਦਾ ਸਮਾਨ ਸਸਤੇ 'ਚ ਭਾਰਤ ਆਵੇਗਾ ਜਿਸ ਨਾਲ ਭਾਰਤੀ ਵਪਾਰੀਆਂ ਅਤੇ ਇੰਡਸਟਰੀ ਨੂੰ ਵੱਡੀ ਢਾਅ ਲੱਗੇਗੀ ਤੇ ਭਾਰਤੀ ਇੰਡਸਟਰੀ ਤਬਾਹ ਹੋ ਜਾਵੇਗੀ | ਇਨ੍ਹਾਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ | ਇਸ ਤੋਂ ਇਲਾਵਾ ਜੋ ਕਿਸਾਨੀ ਨੂੰ ਵੱਡੀ ਮਾਰ ਪਵੇਗੀ ਕੇ ਉਥੋਂ ਦੀਆਂ ਜੀ.ਐਮ ਫ਼ਸਲਾਂ ਭਾਰਤ ਆਉਣਗੀਆਂ ਉਹ ਇਨਸਾਨੀ ਸਿਹਤ ਲਈ ਬਹੁਤ ਘਾਤਕ ਸਾਬਿਤ ਹੋਣਗੀਆਂ ਅਤੇ ਕਈ ਭਿਆਣਕ ਬਿਮਾਰੀਆਂ ਲੱਗਣਗੀਆਂ | ਉਨ੍ਹਾਂ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਭਾਰਤੀ ਸਮਾਨ ਜੋ ਅਮਰੀਕਾ ਜਾਵੇਗਾ ਉਸ 'ਤੇ 18 ਪ੍ਰਤੀਸ਼ਤ ਟੈਰਿਫ਼ ਲਗਾ ਕੇ ਜਿਥੇ ਭਾਰਤ ਤੋਂ ਅਰਬਾਂ ਰੁਪਏ ਕਮਾਈ ਕਰੇਗਾ, ਉਥੇ ਭਾਰਤੀ ਸਮਾਨ ਮਹਿੰਗਾ ਹੋਣ ਕਾਰਨ ਉਸਦੀ ਖਰੀਦ ਪ੍ਰਭਾਵਿਤ ਹੋਵੇਗੀ ਇਸ ਲਈ ਸਾਰੇ ਭਾਰਤ ਵਾਸੀਆਂ ਨੂੰ ਇਸ ਲਈ ਇਕਜੁਟ ਹੋਕੇ ਇਸ ਡੀਲ ਦਾ ਵਿਰੋਧ ਕਰਨਾ ਪਵੇਗਾ |