ਫ਼ਰੀਦਕੋਟ, 21 ਅਪ੍ਰੈਲ (ਸਰਬਜੀਤ ਸਿੰਘ)-ਪਿੰਡ ਕਾਬਲਵਾਲਾ ਵਿਖੇ ਇਕ ਵਿਆਹੁਤਾ ਦੀ ਉਸ ਦੇ ਪਤੀ ਅਤੇ ਸਹੁਰੇ ਵਲੋਂ ਘਰ 'ਚ ਆ ਕੇ ਉਸ ਦੀ ਕਥਿਤ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕਪੜੇ ਪਾੜ ਕੇ ਉਸ ਨੂੰ ਬੇਪਰਦਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪੀੜਤ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਜ਼ਖ਼ਮੀ ਹਾਲਤ ਵਿਚ ਵਿਆਹੁਤਾ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਦੋਵੇਂ ਕਥਿਤ ਦੋਸ਼ੀ ਅਜੇ ਤੱਕ ਫਰਾਰ ਹਨ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਕਰਮਜੀਤ ਕੌਰ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਸ ਦਾ ਵਿਆਹ 2011 ਵਿਚ ਗੁਰਪ੍ਰੀਤ ਸਿੰਘ ਵਾਸੀ ਕਾਬਲਵਾਲਾ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ ਅਤੇ ਉਸ ਦਾ ਪਤੀ ਉਸ ਦੀ ਹੀ ਭੈਣ ਨਾਲ ਰਿਲੇਸ਼ਨ ਵਿਚ ਫ਼ਰੀਦਕੋਟ ਸ਼ਹਿਰ ਰਹਿ ਰਿਹਾ ਹੈ | ਪੰਚਾਇਤੀ ਤੌਰ 'ਤੇ ਕਈ ਵਾਰ ਉਨ੍ਹਾਂ ਦਾ ਫ਼ੈਸਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਫ਼ੈਸਲਾ ਨਾ ਨਿਬੜਿਆ ਅਤੇ ਉਸ ਵਲੋਂ ਫ਼ੈਮਲੀ ਕੋਰਟ ਵਿਚ ਖਰਚੇ ਸੰਬੰਧੀ ਕੇਸ ਵੀ ਪਾਇਆ ਹੋਇਆ ਹੈ | ਪੀੜਤ ਔਰਤ ਵਲੋਂ ਆਪਣੇ ਬਿਆਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸ਼ਨੀਚਰਵਾਰ ਨੂੰ ਉਸ ਦਾ ਪਤੀ ਅਤੇ ਸਹੁਰਾ ਪਿੰਡ ਕਾਬਲਵਾਲਾ ਵਿਖੇ ਉਸ ਦੇ ਘਰ ਆਏ ਅਤੇ ਉਸ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ, ਘਰ ਦਾ ਸਾਰਾ ਸਾਮਾਨ ਖਿਲਾਰ ਦਿੱਤਾ ਅਤੇ ਉਸ ਦੇ ਕਪੜੇ ਪਾੜ ਕੇ ਉਸ ਨੂੰ ਬੇ-ਪਰਦਾ ਕਰਨ ਦੀ ਕੋਸ਼ਿਸ਼ ਕੀਤੀ | ਉਸ ਦੇ ਰੌਲਾ ਪਾਉਣ 'ਤੇ ਆਸੇ ਪਾਸੇ ਦੇ ਲੋਕ ਇਕੱਠੇ ਹੋ ਗਏ ਅਤੇ ਦੋਵੇਂ ਪਿਓ ਪੁੱਤਰ ਮੌਕੇ ਤੋਂ ਭੱਜ ਗਏ | ਜਿਸ ਤੋਂ ਬਾਅਦ ਉਸ ਦੀ ਨੂੰ ਜ਼ਖ਼ਮੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ | ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੀੜਤ ਵਿਆਹੁਤਾ ਔਰਤ ਦੇ ਬਿਆਨ ਲੈ ਲਏ ਗਏ ਹਨ, ਜਿਸ ਦੇ ਆਧਾਰ 'ਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਸਹੁਰਾ ਜਲੰਧਰ ਸਿੰਘ ਖ਼ਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਦੀ ਗਿ੍ਫਤਾਰੀ ਲਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |