ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ
ਅਜੀਤ ਡੈਸਕ
22-04-2026
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋਵੇਂ ਗਰੁੱਪਾਂ ਦੇ ਸਾਂਝੇ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਅਤੇ ਲਖਵੀਰ ਹਰੀਕੇ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਡੈਵੀ ਗੋਇਲ ਨੂੰ ਮੁੱਖ ਮੰਤਰੀ ਦੇ ਨਾਂਅ ਗੈਰ ਵਿਦਿਅਕ ਡਿਊਟੀਆਂ ਸੰਬੰਧੀ ਮੰਗ ਪੱਤਰ ਸੌਂਪਿਆ | ਇਸ ਮੌਕੇ ਵਫ਼ਦ ਵਲੋਂ ਅਧਿਆਪਕਾਂ ਦੀਆਂ ਵੱਡੀ ਗਿਣਤੀ ਵਿਚ ਲਗਾਈਆਂ ਜਾ ਰਹੀਆਂ ਗੈਰ ਵਿਦਿਅਕ ਡਿਊਟੀਆਂ ਦਾ ਇਤਰਾਜ ਦਰਜ ਕਰਵਾਇਆ ਗਿਆ | ਅਧਿਆਪਕਾਂ ਦੀਆਂ ਪਹਿਲਾਂ ਹੀ ਐੱਸ.ਆਈ.ਆਰ., ਡਰੱਗ ਜਨਗਣਨਾ, ਬੀ.ਐੱਲ.ਓ. ਅਤੇ ਹੋਰ ਗੈਰ ਵਿਦਿਅਕ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸ ਕਾਰਨ ਸਕੂਲਾਂ ਵਿਚ ਵਿਦਿਅਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਹੁਣ ਜਨਗਣਨਾ ਦੀਆਂ ਡਿਊਟੀਆਂ ਆਉਣ ਨਾਲ ਸਕੂਲਾਂ ਦੀ ਹਾਲਤ ਹੋਰ ਮਾੜੀ ਹੋ ਜਾਵੇਗੀ ਅਤੇ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਕੋਈ ਵਾਲੀ-ਵਾਰਸ ਨਹੀਂ ਰਹੇਗਾ | ਵਫ਼ਦ ਨੇ ਚਹੇਤਿਆਂ ਦੀਆਂ ਡਿਊਟੀਆਂ ਕੱਟੇ ਜਾਣ ਪਿੱਛੇ ਭਿ੍ਸ਼ਟਾਚਾਰ ਹੋਣ ਦਾ ਸੰਦੇਹ ਹੋਣ ਦਾ ਇਤਰਾਜ ਲਾਉਂਦਿਆਂ ਮੰਗ ਕੀਤੀ ਕਿ ਪਿਛਲੀਆਂ ਕੱਟੀਆਂ ਗਈਆਂ ਡਿਊਟੀਆਂ ਦੀ ਜਾਂਚ ਕੀਤੀ ਜਾਵੇ | ਇਸ ਤੋਂ ਇਲਾਵਾ ਦੋਵਾਂ ਪਤੀ-ਪਤਨੀ ਵਿਚੋਂ ਇਕ ਨੂੰ ਛੋਟ ਦੇਣ, ਸਕੂਲ ਮੁਖੀਆਂ ਨੂੰ ਗਣਨਾਕਾਰ ਡਿਊਟੀ ਤੋਂ ਛੋਟ ਦੇਣ, ਇਕੋ ਸਕੂਲ ਵਿਚੋਂ ਬਹੁ ਗਿਣਤੀ ਅਧਿਆਪਕਾਂ, ਕਰੋਨਿਕ ਬਿਮਾਰੀ ਪੀੜਤਾਂ, ਗਰਭਵਤੀ ਔਰਤਾਂ ਆਦਿ ਨੂੰ ਡਿਊਟੀ ਤੋਂ ਛੋਟ ਦੇਣ ਬਾਰੇ ਗੱਲਬਾਤ ਕੀਤੀ ਗਈ | ਵਧੀਕ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਡਿਊਟੀਆਂ ਦੀ ਰੈਸ਼ਨਲਾਈਜੇਸ਼ਨ ਕਰਨ, ਸਕੂਲ ਮੁਖੀਆਂ ਦੀ ਗਣਨਾਕਾਰ ਵਜੋਂ ਡਿਊਟੀ ਨਾ ਲਾਉਣ ਜਾਂ ਰਿਜ਼ਰਵ ਡਿਊਟੀ ਵਿਚ ਰੱਖਣ, ਕਪਲ ਕੇਸਾਂ ਵਿਚ ਇਕ ਨੂੰ ਵਿਚਾਰਨ, ਗਰਭਵਤੀ ਔਰਤਾਂ, ਕਰੋਨਿਕ ਬਿਮਾਰੀਆਂ ਆਦਿ ਕੇਸਾਂ ਨੂੰ ਮੈਰਿਟ ਆਧਾਰਿਤ ਛੋਟ ਦੇਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਸੂਬਾ ਕਮੇਟੀ ਮੈਂਬਰ ਪਰਮ ਬੁੱਟਰ, ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਗੋਨਿਆਣਾ, ਜੀਵਨ ਵਧਾਈ, ਪਰਮਿੰਦਰ ਸਿੰਘ, ਚਰਨਜੀਤ ਸਿੰਘ, ਵਿੱਤ ਸਕੱਤਰ ਮਨਦੀਪ ਸਿੰਘ, ਬਲਾਕ ਪ੍ਰਧਾਨ ਰਵੀ ਕੁਮਾਰ, ਜਸਵੰਤ ਸਿੰਘ, ਕੰਵਲਜੀਤ ਪਾਲ, ਮੋਹਿਤ ਕੁਮਾਰ, ਬਲਵੰਤ ਸਿੰਘ, ਮਨਿੰਦਰ ਸਿੰਘ, ਨੀਰਜ ਕੁਮਾਰ, ਸੁਖਜਿੰਦਰ ਸਿੰਘ, ਨਰੇਸ਼ ਸਲੂਜਾ ਆਦਿ ਆਗੂ ਹਾਜ਼ਰ ਸਨ |