ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਗਿਆਨ ਭਾਰਤਮ ਮਿਸ਼ਨ ਤਹਿਤ ਵੱਖ-ਵੱਖ ਥਾਵਾਂ 'ਤੇ ਮੌਜੂਦ ਸਾਂਭਣਯੋਗ ਪੁਰਾਣੀਆਂ ਹੱਥ ਲਿਖ਼ਤਾਂ (ਮੈਨੂਸਕਿ੍ਪਟਸ) ਨੂੰ ਖੋਜਣ, ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਇਸ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖ਼ਤਾਂ ਤੇ ਖਰੜੇ ਆਦਿ ਨੂੰ ਸਾਂਭਣ ਦਾ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ | ਇਸ ਮਿਸ਼ਨ ਤਹਿਤ ਇਹ ਸਾਰੀਆਂ ਹੱਥ ਲਿਖ਼ਤਾਂ ਖੋਜਣ ਉਪਰੰਤ ਗਿਆਨ ਭਾਰਤਮ ਐਪ ਉਪਰ ਜਾ ਕੇ ਇਨ੍ਹਾਂ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ | ਇਸ ਕਾਰਜ ਲਈ ਜ਼ਿਲ੍ਹੇ ਵਿਚ ਸਰਵੇ ਟੀਮਾਂ ਦਾ ਗਠਨ ਕੀਤਾ ਗਿਆ ਹੈ | ਸਰਵੇ ਟੀਮਾਂ ਵਲੋਂ ਇਹ ਹੱਥ ਲਿਖ਼ਤਾਂ ਦੀ ਨਿਸ਼ਾਨਦੇਹੀ ਕਰਕੇ ਇਸ ਦੀ ਜਾਣਕਾਰੀ ਗਿਆਨ ਭਾਰਤਮ ਐਪ ਉਪਰ ਅਪਲੋਡ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ. ਗੁਰਕਿਰਨਦੀਪ ਸਿੰਘ ਸਿੱਧੂ ਇਸ ਮਿਸ਼ਨ ਦੇ ਨੋਡਲ ਅਫ਼ਸਰ ਹੋਣਗੇ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਸ ਮਿਸ਼ਨ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਪਾਸ ਜਾਂ ਕਿਸੇ ਸੰਸਥਾ, ਲਾਇਬ੍ਰੇਰੀ, ਸ੍ਰੀ ਗੁਰਦੁਆਰਾ ਸਾਹਿਬ, ਮੰਦਰ, ਡੇਰਾ ਜਾਂ ਕਿਸੇ ਵੀ ਹੋਰ ਸਥਾਨ ਉਪਰ ਅਜਿਹੀ ਕੋਈ ਦੁਰਲੱਭ ਹੱਥ ਲਿਖ਼ਤ ਮੌਜੂਦ ਹੈ ਤਾਂ ਇਸ ਦੀ ਜਾਣਕਾਰੀ ਇਸ ਮਿਸ਼ਨ ਲਈ ਤਾਇਨਾਤ ਕੀਤੇ ਗਏ ਸਹਾਇਕ ਨੋਡਲ ਅਫ਼ਸਰ ਬਲਜਿੰਦਰ ਸਿੰਘ ਜੋੜਕੀਆਂ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਟਸਐਪ ਨੰਬਰ ਜਾਂ ਈ-ਮੇਲ 'ਤੇ ਸਾਂਝੀ ਕੀਤੀ ਜਾਵੇ, ਤਾਂ ਜੋ ਇਸ ਮਿਸ਼ਨ ਨੂੰ ਨੇਪਰੇ ਚਾੜਿ੍ਹਆ ਜਾ ਸਕੇ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਮਿਸ਼ਨ ਦੀ ਕਾਮਯਾਬੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ |