ਫ਼ਰੀਦਕੋਟ, 21 ਅਪ੍ਰੈਲ (ਸਰਬਜੀਤ ਸਿੰਘ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ, ਵਿਚਾਰ ਮੰਚ ਫ਼ਰੀਦਕੋਟ, ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਾਂਝੇ ਵਫ਼ਦ ਵਲੋਂ ਥਾਣਾ ਸਿਟੀ ਫ਼ਰੀਦਕੋਟ ਦੇ ਐਸ.ਐਚ.ਓ. ਚਮਕੌਰ ਸਿੰਘ ਨੂੰ ਸ਼ਹਿਰ ਵਿਚ ਸਿੱਖਿਆ ਦਾ ਮਾਹੌਲ ਖ਼ਰਾਬ ਕਰ ਰਹੇ ਇਕ ਸੀਡ ਫ਼ਾਰਮ ਦੇ ਮਾਲਕ ਵਿਰੁੱਧ ਕਾਰਵਾਈ ਕਰਵਾਉਣ ਲਈ ਮਿਲਿਆ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਫ਼ਰੀਦਕੋਟ ਦੇ ਸਾਦਿਕ ਰੋਡ 'ਤੇ ਸਥਿਤ ਦਾਣਾ ਮੰਡੀ ਵਿਚ ਸੀਡ ਫਾਰਮ ਤੋਂ ਦੁਕਾਨ ਕਿਰਾਏ 'ਤੇ ਲੈ ਕੇ ਸ਼ਹਿਰ ਦੇ ਇਕ ਨੌਜਵਾਨ ਪਾਵੇਲ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਇਕ ਨਿੱਜੀ ਲਾਇਬ੍ਰੇਰੀ ਖੋਲ੍ਹੀ ਗਈ ਸੀ | ਸੰਚਾਲਕ ਵਲੋਂ ਲੱਖਾਂ ਰੁਪਏ ਖਰਚ ਕੇ ਇਸ ਜਗ੍ਹਾ ਨੂੰ ਇਕ ਵਧੀਆ ਵਿਦਿਅਕ ਕੇਂਦਰ ਵਜੋਂ ਵਿਕਸਤ ਕੀਤਾ ਗਿਆ ਸੀ | ਲਾਇਬ੍ਰੇਰੀ ਨੂੰ ਚੰਗੀ ਤਰ੍ਹਾਂ ਚੱਲਦੀ ਦੇਖਕੇ ਲਾਇਬ੍ਰੇਰੀ ਸੰਚਾਲਕ ਨੇ ਲਾਇਬ੍ਰੇਰੀ ਨੂੰ ਧੱਕੇ ਨਾਲ ਤਾਲਾ ਲਾ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ, ਜਿਸ ਕਰਕੇ ਉਥੇ ਪੜ੍ਹਦੇ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਵਿਚਾਰ ਮੰਚ ਫ਼ਰੀਦਕੋਟ ਆਗੂ ਕਾਮਰੇਡ ਕੁਲਦੀਪ ਸ਼ਰਮਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਗੰਧੜ, ਸਫ਼ਾਈ ਸੇਵਕ ਯੂਨੀਅਨ ਦੇ ਆਗੂ ਕੁਲਦੀਪ ਕਾਕੜਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਲੱਖਾ ਸਿੰਘ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂ ਅਮਨਦੀਪ ਸਿੰਘ ਪਾਂਦੀ ਅਤੇ ਆਰ.ਪੀ.ਆਈ. ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਧਨੌਲਾ ਮੰਗ ਕੀਤੀ ਕਿ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਦੁਕਾਨ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-2 ਫ਼ਰੀਦਕੋਟ ਦੇ ਐਸ.ਐਚ.ਓ. ਚਮਕੌਰ ਸਿੰਘ ਵਲੋਂ ਇਨਸਾਫ਼ ਲਈ ਭਰੋਸਾ ਦਿੱਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਰਹੀ ਤਾਂ ਜਥੇਬੰਦੀਆਂ ਵਲੋਂ ਧਰਨਾ ਲਗਾਇਆ ਜਾਵੇਗਾ |