ਮਲੋਟ, 22 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਮਿਲਣੀ ਦੌਰਾਨ ਦੱਸਿਆ ਕਿ ਸੰਸਥਾ ਦਾ ਹਰ ਅਧਿਕਾਰੀ ਤੇ ਕਰਮਚਾਰੀ ਆਪਣਾ ਕਾਰਜ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਅ ਰਿਹਾ ਹੈ | ਇਸੇ ਕਾਰਨ ਮਿਮਿਟ ਮਲੋਟ ਸੰਸਥਾ ਦੇ ਵਿਦਿਆਰਥੀ ਹਰ ਖੇਤਰ 'ਚ ਮੱਲ੍ਹਾਂ ਮਾਰ ਰਹੇ ਹਨ | ਸੰਸਥਾ 'ਚ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਮਲੋਟ ਸ਼ਹਿਰ ਦੇ ਮਨਕੀਰਤ ਸਿੰਘ ਔਲਖ ਜੋ ਕਿ ਅਧਿਆਪਕ ਹੋਣ ਦੇ ਨਾਲ-ਨਾਲ ਖੇਡਾਂ 'ਚ ਰੁਚੀ ਹੋਣ ਕਾਰਨ ਵਿਦਿਆਰਥੀਆਂ ਤੇ ਇਲਾਕੇ ਦੇ ਖਿਡਾਰੀਆਂ ਨੂੰ ਬਤੌਰ ਕੋਚ ਸਿਖਲਾਈ ਦੇ ਰਹੇ ਹਨ | ਮਨਕੀਰਤ ਸਿੰਘ ਔਲਖ ਦੀ ਖੇਡਾਂ ਪ੍ਰਤੀ ਸੰਜੀਦਗੀ ਤੇ ਖਿਡਾਰੀਆਂ ਦੀ ਮਿਹਨਤ ਦੇ ਸਦਕਾ ਮਿਮਿਟ ਮਲੋਟ ਦੇ ਖਿਡਾਰੀਆਂ ਨੇ ਸਾਲ 2026 ਦੀਆਂ ਪੀ.ਟੀ.ਯੂ. ਜਲੰਧਰ ਦੀਆਂ ਯੂਨੀਵਰਸਿਟੀ ਪੱਧਰ ਖੇਡਾਂ ਵਿਚ 14 ਸੋਨ, ਸਿਲਵਰ ਤੇ ਕਾਂਸੇ ਦੇ ਤਗ਼ਮੇ ਹਾਸਿਲ ਕੀਤੇ | ਮਨਕੀਰਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਮੇਂ ਤੋਂ ਬਾਅਦ ਉਹ ਦਸਮੇਸ਼ ਬਾਸਕਟਬਾਲ ਨਾਂਅ ਦੀ ਅਕੈਡਮੀ ਵੀ ਚਲਾ ਰਹੇ ਹਨ | ਇਸ ਅਕੈਡਮੀ ਦੀਆਂ 8 ਖਿਡਾਰਨਾਂ ਸੂਬਾ ਪੱਧਰੀ ਅੰਡਰ-17 ਟੀਮ ਵਿਚ ਚੁਣੀਆਂ ਗਈਆਂ ਹਨ ਤੇ ਦੋ ਖਿਡਾਰਨਾਂ ਨੈਸ਼ਨਲ ਪੱਧਰੀ ਅੰਡਰ-19 ਦਾ ਹਿੱਸਾ ਬਣੀਆਂ ਹਨ | ਇਸੇ ਤਰ੍ਹਾਂ ਅਕੈਡਮੀ ਦੇ ਲੜਕੇ ਅੰਡਰ-17 ਵਿਚ ਜ਼ਿਲ੍ਹਾ ਪੱਧਰ 'ਤੇ ਗੋਲਡ ਕੱਪ ਜਿੱਤ ਚੁੱਕੇ ਹਨ | ਮਿਮਿਟ ਮਲੋਟ ਵਲੋਂ ਮਨਕੀਰਤ ਸਿੰਘ ਔਲਖ ਨੂੰ ਮਿਮਿਟ ਤੇ ਮਲੋਟ ਸ਼ਹਿਰ ਦੇ ਖਿਡਾਰੀਆਂ ਨੂੰ ਸਹੀ ਸੇਧ ਦੇਣ ਤੇ ਬਤੌਰ ਕੋਚ ਚੰਗੀਆਂ ਸੇਵਾਵਾਂ ਦੇਣ ਕਾਰਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |