ਫ਼ਰੀਦਕੋਟ, 23 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਹੱਕਾਂ ਦੀ ਰੱਖਿਆ ਨੂੰ ਕੇਂਦਰ ਵਿਚ ਰੱਖ ਕੇ ਸੰਘਰਸ਼ ਕਰ ਰਹੀ ਵਚਨਬੱਧ ਰਾਜਸੀ ਜਥੇਬੰਦੀ ਮਿਸਲ ਸਤਲੁਜ ਸੂਬੇ ਵਿਚ ਇਕ ਮਜ਼ਬੂਤ, ਸਿਧਾਂਤਕ ਤੇ ਬਦਲਵੀਂ ਰਾਜਨੀਤਿਕ ਧਾਰਾ ਵਜੋਂ ਤੇਜ਼ੀ ਨਾਲ ਉਭਰ ਰਹੀ ਹੈ | ਜਥੇਬੰਦੀ ਦਾ ਮੁੱਖ ਉਦੇਸ਼ ਪੰਜਾਬ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੇ ਰਾਹ 'ਤੇ ਲਿਆਉਣਾ ਹੈ ਤਾਂ ਜੋ ਪੰਜਾਬ ਦੇ ਹੱਕਾਂ ਦੀ ਸੰਵਿਧਾਨਕ ਅਤੇ ਲੋਕਤਾਂਤਰਿਕ ਤਰੀਕੇ ਨਾਲ ਪ੍ਰਭਾਵਸ਼ਾਲੀ ਸੁਰੱਖਿਆ ਕੀਤੀ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਮਿਸਲ ਸਤਲੁਜ ਵਲੋਂ 3 ਮਈ 2026 ਨੂੰ ਜ਼ਿਲ੍ਹਾ ਮੋਹਾਲੀ ਦੇ ਖਰੜ ਹਲਕੇ ਵਿਚ ਫ਼ਤਿਹਗੜ ਪੈਲੇਸ, ਕੁਰਾਲੀ ਵਿਖੇ ਇਕ ਵਿਸ਼ਾਲ 'ਚੜ੍ਹਦੀ ਕਲਾ ਰੈਲੀ' ਕਰਵਾਈ ਜਾ ਰਹੀ ਹੈ | ਇਸ ਰੈਲੀ ਦਾ ਮੁੱਖ ਮੰਤਵ ਪੰਜਾਬ ਸੂਬੇ ਨੂੰ ਦੇਸ਼ ਵਿਚੋਂ ਪਹਿਲੇ ਨੰਬਰ 'ਤੇ ਆਰਥਿਕ ਤੌਰ 'ਤੇ ਅੱਗੇ ਲਿਜਾਣ ਦੀ ਦਿਸ਼ਾ ਵਿਚ ਲੋਕ-ਚਰਚਾ ਸ਼ੁਰੂ ਕਰਨਾ, ਅÏਰਤਾਂ ਦੇ ਸਸ਼ਕਤੀਕਰਨ ਨੂੰ ਮਜ਼ਬੂਤ ਬਣਾਉਣਾ, ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਜਾਗਰੂਕਤਾ ਫ਼ੈਲਾਉਣਾ ਅਤੇ ਮੌਜੂਦਾ ਪੰਜਾਬ ਸਰਕਾਰ ਦੀਆਂ ਅਸਫ਼ਲ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ | ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਪਿੰਡ ਫਿੱਡੇ ਕਲਾਂ ਵਿਖੇ ਇਕਬਾਲ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਸਨ | ਇਕਬਾਲ ਸਿੰਘ ਚੜ੍ਹਦੀ ਉਮਰ ਤੋਂ ਹੀ ਪੰਥਕ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਵਲੋਂ ਮੌਜੂਦਾ ਪੰਥਕ ਸਿਆਸੀ ਹਾਲਾਤਾਂ ਸਬੰਧੀ ਕੀਮਤੀ ਅਤੇ ਦੂਰਅੰਦੇਸ਼ੀ ਭਰੇ ਸੁਝਾਅ ਵੀ ਸਾਂਝੇ ਕੀਤੇ ਗਏ | ਇਸ ਮੌਕੇ ਜਥੇਬੰਦੀ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਤੇ ਸੂਬਾ ਸਕੱਤਰ ਰਣਪਿੰਦਰਜੀਤ ਸਿੰਘ ਗੋਲਡੀ ਵੀ ਹਾਜ਼ਰ ਸਨ |