ਜੈਤੋ, 26 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਪੱਧਰੀ ਫ਼ੁੱਟਬਾਲ (ਅੰਡਰ-11) ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਤੇ ਪਿੰਡ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਸਰਕਾਰੀ ਪ੍ਰਾਇਮਰੀ ਸਕੂਲ ਰਾਮੂਵਾਲਾ (ਡੇਲਿਆਂਵਾਲੀ) ਦੀ ਵਿਦਿਆਰਥਣ ਨੂੰ ਬਹਿਰੀਨ ਕਬੱਡੀ ਐਸੋਸੀਏਸ਼ਨ ਦੇ ਮੈਂਬਰ ਗੁਰਲਾਲ ਸਿੰਘ ਬਰਾੜ ਤੇ ਗੁਰਪਿਆਰ ਸਿੰਘ ਬਰਾੜ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਵਿਦਿਆਰਥਣ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਸਨਮਾਨ ਚਿੰਨ੍ਹ ਭੇਟ ਕੀਤਾ | ਹੈੱਡ ਟੀਚਰ ਗੁਰਮੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਤੇ ਇਸ ਤਰ੍ਹਾਂ ਦੀਆਂ ਉਪਲਬਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣਦੀਆਂ ਹਨ | ਕੋਚ ਅਧਿਆਪਕ ਹਰਭਜਨ ਸਿੰਘ ਵਲੋਂ ਸਹਿਯੋਗੀਆਂ ਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਬਹਿਰੀਨ ਕਬੱਡੀ ਐਸੋਸੀਏਸ਼ਨ ਦੇ ਮੈਂਬਰ ਗੁਰਲਾਲ ਸਿੰਘ ਬਰਾੜ ਤੇ ਗੁਰਪਿਆਰ ਸਿੰਘ ਬਰਾੜ ਵਲੋਂ ਸਮੇਂ ਸਮੇਂ ਸਿਰ ਸਕੂਲ ਤੇ ਬੱਚਿਆਂ ਦੀ ਸਹਾਇਤਾ ਲਈ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ | ਸਮਾਗਮ 'ਚ ਦਰਸ਼ਨਾ ਰਾਣੀ, ਕਮਲਪ੍ਰੀਤ ਕੌਰ, ਸੁਖਵੀਰ ਕੌਰ, ਵੀਰਪਾਲ ਕੌਰ, ਅਧਿਆਪਕ ਹਰਭਜਨ ਸਿੰਘ, ਨਰਿੰਦਰਜੀਤ ਭੱਟੀ, ਮਨਦੀਪ ਸਿੰਘ, ਜ਼ੈਲਦਾਰ ਗੁਰਪ੍ਰੀਤ ਸਿੰਘ ਬਰਾੜ, ਜ਼ੈਲਦਾਰ ਸੁੱਖਾ ਸਿੰਘ ਬਰਾੜ, ਸਰਪੰਚ ਰਾਜਿੰਦਰ ਸਿੰਘ ਬਰਾੜ, ਆਪ ਆਗੂ ਨਿਰਮਲ ਸਿੰਘ, ਸੁੱਖ ਬਰਾੜ, ਪ੍ਰਗਟ ਸਿੰਘ, ਗੁਰਬਾਜ ਸਿੰਘ ਅਤੇ ਲਖਵੀਰ ਸਿੰਘ ਦਾਰਾ ਆਦਿ ਸ਼ਾਮਲ ਸਨ | ਅੰਤ ਵਿਚ ਸਾਰੇ ਸਟਾਫ਼ ਅਤੇ ਪਿੰਡ ਵਾਸੀਆਂ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ ਤੇ ਉਸਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ |