ਗਿੱਦੜਬਾਹਾ, 27 ਅਪੈ੍ਰਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰਦੇ ਹੋਏ 2 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ. ਐੱਸ. ਆਈ. ਜਗਦੀਸ਼ ਸਿੰਘ ਜਦੋਂ ਦੌਰਾਨੇ ਗਸ਼ਤ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਕੋਟਲੀ ਤੋਂ ਕੋਠੇ ਢਿੱਲਵਾਂ ਵਾਲੇ ਪਾਸੇ ਜਾ ਰਹੇ ਸਨ, ਤਾਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਖਿਸਕਣ ਲੱਗਾ | ਪੁਲਿਸ ਵਲੋਂ ਜਦੋਂ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤੀ ਪੁੱਤਰ ਰਾਜ ਸਿੰਘ ਵਾਸੀ ਕੋਠੇ ਢਿੱਲਵਾਂ ਵਾਲੇ ਕੋਟਲੀ ਵਜੋਂ ਹੋਈ ਹੈ | ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਨ ਤੋਂ ਇਲਾਵਾ ਉਕਤ ਮਾਮਲੇ ਵਿਚ ਅੱਗੇ ਕਾਰਵਾਈ ਕਰਦੇ ਹੋਏ ਕਰਮਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਰਾਮਿਆਣਾ ਤਹਿਸੀਲ ਜੈਤੋ ਨੂੰ ਇਸ ਮੁਕੱਦਮੇ 'ਚ ਨਾਮਜ਼ਦ ਕਰਦੇ ਹੋਏ ਗਿ੍ਫ਼ਤਾਰ ਕੀਤਾ ਹੈ |