ਗਿੱਦੜਬਾਹਾ, 27 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਹਲਕੇ ਭਰ 'ਚ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਆਮ ਲੋਕ ਦੁਖੀ ਹਨ | ਬਿਨ੍ਹਾਂ ਦੱਸੇ ਲਗਾਏ ਜਾ ਰਹੇ ਬਿਜਲੀ ਦੇ ਕੱਟਾਂ ਕਾਰਨ ਰਾਤਾਂ ਨੂੰ ਆਮ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਕੁੱਝ ਦਿਨਾਂ ਤੋਂ ਦਿਨ ਤੇ ਰਾਤ ਸਮੇਂ ਕਈ-ਕਈ ਵਾਰ ਲੰਬੇ-ਲੰਬੇ ਬਿਜਲੀ ਦੇ ਕੱਟ ਲੱਗ ਰਹੇ ਹਨ | ਦਿਨ ਵੇਲੇ ਤਾਂ ਆਮ ਲੋਕ ਘਰਾਂ ਵਿਚ ਆਪਣਾ ਗੁਜ਼ਾਰਾ ਕਰ ਰਹੇ ਹਨ, ਪਰ ਪਿੰਡਾਂ ਤੇ ਸ਼ਹਿਰਾਂ ਵਿਚ ਛੋਟੇ ਤੇ ਵੱਡੇ ਕਾਰਖਾਨੇ ਵਾਲਿਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਰਾਤ ਸਮੇਂ ਤਾਂ ਇਹ ਅਣ-ਐਲਾਨੇ ਬਿਜਲੀ ਦੇ ਕੱਟਾਂ ਤੋਂ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਆਮ ਜਨਜੀਵਨ ਤੋਂ ਇਲਾਵਾ ਛੋਟੇ-ਛੋਟੇ ਬੱਚੇ, ਬਜ਼ੁਰਗ ਤੇ ਬਿਮਾਰ ਵਿਅਕਤੀਆਂ ਲਈ ਤਾਂ ਰਾਤ ਨੂੰ ਸੌਣਾ ਵੀ ਮੁਸ਼ਕਿਲ ਹੋ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਨੂੰ ਝੋਨੇ ਦੀ ਪਨੀਰੀ, ਨਰਮਾ ਅਤੇ ਹੋਰ ਫ਼ਸਲਾਂ ਬੀਜਣ ਦਾ ਸਮਾਂ ਹੈ | ਜੇਕਰ ਹੁਣੇ ਤੋਂ ਹੀ ਬਿਜਲੀ ਦੀ ਸਪਲਾਈ ਵਿਚ ਇਸ ਤਰ੍ਹਾਂ ਵਿਘਨ ਪੈਂਦਾ ਰਿਹਾ ਤਾਂ ਸਾਉਣੀ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਆਮ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਚਾਲੂ ਕੀਤੀ ਜਾਵੇ |