ਗਿੱਦੜਬਾਹਾ, 28 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਲੰਮੇ ਸਮੇਂ ਤੋਂ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਪਾਵਰਕਾਮ ਸੀ.ਐੱਚ.ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਹਲਕਾ ਵਿਧਾਇਕ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਨਿੱਕੇ-ਨਿੱਕੇ ਬੱਚੇ ਧਰਤੀ 'ਤੇ ਸੁੱਤੇ ਪਿਆ ਨੂੰ ਦੇਖ ਕੇ ਹਰ ਕੋਈ ਤਰਸਦੀਆਂ ਅੱਖਾਂ ਨਾਲ ਵੇਖ ਰਿਹਾ ਸੀ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ | ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਵਿਚ ਠੇਕਾ ਆਧਾਰਿਤ ਕੰਮ ਕਰਦੇ ਆ ਰਹੇ ਹਨ | ਨਿਗੂਣੀਆਂ ਤਨਖ਼ਾਹਾਂ 'ਤੇ ਉਨ੍ਹਾਂ ਪਾਸੋਂ ਵੱਡੀਆਂ ਪਾਵਰ ਵਾਲੀਆਂ ਲਾਈਨਾਂ 'ਤੇ ਕੰਮ ਲਿਆ ਜਾ ਰਿਹਾ ਹੈ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਅਤੇ ਸਿਰਫ਼ ਉਨ੍ਹਾਂ ਦਾ ਸੋਸ਼ਣ ਹੀ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਤਨਖ਼ਾਹਾਂ 'ਚ ਵਾਧਾ ਕੀਤਾ ਜਾਵੇ ਤੇ ਹਾਦਸਾਗ੍ਰਸਤ ਪੀੜਤ ਪਰਿਵਾਰਾਂ ਨੂੰ ਰਹਿੰਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ | ਇਸ ਮੌਕੇ ਸੂਬਾ ਪ੍ਰਧਾਨ ਅੰਗਰੇਜ ਸਿੰਘ, ਜਨਰਲ ਸਕੱਤਰ ਰਾਕਸ਼ ਕੁਮਾਰ, ਮੀਤ ਪ੍ਰਧਾਨ ਪਿ੍ਤਪਾਲ ਸਿੰਘ ਬੁੱਟਰ, ਸੂਬਾ ਕਨਵੀਨਰ ਕੁਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ |