ਸਾਦਿਕ, 2 ਮਈ (ਆਰ.ਐਸ.ਧੁੰਨਾ)-ਪੰਜਾਬ ਦੀ ਆਪ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ ਤੇ ਮੁੱਖ ਮੰਤਰੀ ਨੇ ਚੁਟਕਲੇ ਸੁਣਾ ਕੇ ਹੀ ਪੰਜਾਬ ਦੇ ਲੋਕਾਂ ਦਾ ਮਨੋਰੰਜਨ ਕੀਤਾ ਹੈ ਜਦੋਂ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਵੱਡੇ ਖੇਡ ਮੈਦਾਨ ਬਣਾਏ ਗਏ ਸਨ ਪਰ ਇਹ ਸਰਕਾਰ ਨਵੇਂ ਖੇਡ ਮੈਦਾਨ ਬਣਾਉਣ ਦੀ ਬਜਾਏ ਪਹਿਲਾਂ ਬਣੇ ਖੇਡ ਮੈਦਾਨਾਂ ਦੀ ਦਿਸ਼ਾ ਖਰਾਬ ਕਰ ਰਹੀ ਹੈ | ਇਹ ਦਾਅਵਾ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਬਾਬਾ ਫ਼ਰੀਦ ਫੁੱਟਬਾਲ ਸਪੋਰਟਸ ਕਲੱਬ ਸਾਦਿਕ ਵਲੋਂ ਕਰਵਾਏ ਜਾ ਰਹੇ ਦੋ ਦਿਨਾਂ ਫੁੱਟਬਾਲ ਖੇਡ ਮੇਲੇ ਵਿਚ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਉਪਰੰਤ ਕੀਤਾ | ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖੇਡ ਸਟੇਡੀਅਮ ਦੇ ਟਰੈਕ ਵਿਚ ਬਣਾਈ ਜਾ ਰਹੀ ਸਟੇਜ ਨਾਲ ਇਸ ਟਰੈਕ ਵਿਚ ਆਪਣੀ ਖੇਡ ਦਾ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੰ ਪ੍ਰੇਸ਼ਾਨੀ ਆਵੇਗੀ ਤੇ ਇਸ ਸਟੇਜ ਨੂੰ ਕਿਸੇ ਹੋਰ ਢੁੱਕਵੀਂ ਜਗ੍ਹਾ 'ਤੇ ਬਣਾਇਆ ਜਾਣਾ ਚਾਹੀਦਾ ਸੀ | ਉਨ੍ਹਾਂ ਇਸ ਖੇਡ ਸਟੇਡੀਅਮ ਵਿਚ ਰੋਜ਼ਾਨਾ ਆਪਣੀ ਖੇਡ ਦਾ ਅਭਿਆਸ ਕਰਨ ਵਾਲੇ ਖਿਡਾਰੀਆਂ ਦੀ ਵੀ ਹੌਂਸਲਾ ਅਫ਼ਜਾਈ ਕੀਤੀ ਅਤੇ ਸਾਦਿਕ ਵਾਸੀ ਨਵਜੋਤ ਕੌਰ ਜੋ 100 ਮੀਟਰ ਦੌੜ ਦੀ ਜੇਤੂ ਹੈ, ਨੂੰ ਵੀ ਅਸ਼ੀਰਵਾਦ ਦਿੱਤਾ | ਉਨ੍ਹਾਂ ਕਲੱਬ ਦੀ ਮਾਇਕ ਸਹਾਇਤਾ ਕਰਦਿਆਂ 11000 ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਦੀਪਕ ਕੁਮਾਰ ਸੋਨੂੰ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਟਿੱਕਾ ਸੰਧੂ, ਬਲਜਿੰਦਰ ਸਿੰਘ ਭੁੱਲਰ, ਸਾਬ੍ਹ ਸਿੰਘ ਸਾਦਿਕ, ਮੀਤ ਸਿੰਘ ਸਾਦਿਕ, ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਸੋਹੀ, ਨਵਦੀਪ ਸਿੰਘ, ਜੋਬਨਪ੍ਰੀਤ ਸਿੰਘ, ਦਿਲਜੀਤ ਸਿੰਘ, ਮੱਲੀ ਆਦਿ ਕਲੱਬ ਮੈਂਬਰ ਵੀ ਹਾਜ਼ਰ ਸਨ |