ਸ੍ਰੀ ਮੁਕਤਸਰ ਸਾਹਿਬ, 2 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਬਾਗਬਾਨੀ ਹੇਠ ਰਕਬਾ ਵਧਾਉਣ ਲਈ ਯਤਨਸ਼ੀਲ ਹੈ | 16 ਫੀਸਦੀ ਰਕਬੇ ਨੂੰ ਬਾਗਬਾਨੀ ਹੇਠ ਲਿਜਾਣ ਲਈ ਯਤਨ ਜਾਰੀ ਹਨ | ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਭੁੱਲਰ ਵਿਖੇ ਜਗਰੂਪ ਸਿੰਘ ਭੁੱਲਰ ਦੇ ਗ੍ਰਹਿ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬਾਗਬਾਨੀ ਸਬੰਧੀ ਜਪਾਨ ਦੀ ਕੰਪਨੀ ਨਾਲ ਸਾਂਝ ਪਾ ਕੇ ਕਾਸ਼ਤਕਾਰਾਂ ਨੂੰ ਲਾਭ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਸਾਢੇ 17 ਹਜ਼ਾਰ ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਲਈ ਵੱਖਰੇ ਤੌਰ 'ਤੇ ਫੰਡ ਰੱਖਿਆ ਗਿਆ ਹੈ | ਪੰਜਾਬ ਸਰਕਾਰ ਨਹਿਰੀ ਪਾਣੀ ਦੇ ਨਵੀਨੀਕਰਨ ਨੂੰ ਤਰਜੀਹ ਦੇ ਰਹੀ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬਜਾਏ ਵੱਧ ਤੋਂ ਵੱਧ ਕਿਸਾਨਾਂ ਨੂੰ ਖੇਤਾਂ ਲਈ ਨਹਿਰੀ ਪਾਣੀ ਦਿੱਤਾ ਜਾ ਸਕੇ | ਇਸ ਅਧੀਨ ਖਾਲੇ ਵੀ ਪੱਕੇ ਕੀਤੇ ਗਏ ਹਨ ਪਾਈਪਾਂ ਪਾਉਣ ਤੋਂ ਇਲਾਵਾ ਹੋਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਝੋਨੇ ਅਤੇ ਕਣਕ ਦੀ ਪੈਦਾਵਾਰ ਕਰਕੇ ਹਿੰਦੁਸਤਾਨ ਲਈ ਪੰਜਾਬ ਵੱਡਾ ਯੋਗਦਾਨ ਪਾਉਂਦਾ ਹੈ | ਖਾਦਾਂ ਦੀ ਕਮੀ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੇ ਸਟਾਕ ਲਈ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਪਰ ਕਿਸਾਨ ਅੰਦੋਲਨ ਤੋਂ ਮਗਰੋਂ ਪੰਜਾਬ ਦੇ ਨਾਲ ਖਾਰ ਜ਼ਰੂਰ ਰੱਖਦੇ ਹਨ, ਜਿਸ ਕਰਕੇ ਹਰ ਕੰਮ ਵਿਚ ਦੇਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿਚ ਕਣਕ ਦੀ ਖਰੀਦ ਤੇਜ਼ੀ ਨਾਲ ਹੋ ਰਹੀ ਹੈ, ਜਦੋਂ ਕਣਕ ਦੀ ਚੁਕਾਈ ਦੇ ਢਿੱਲੇ ਪ੍ਰਬੰਧਾਂ ਬਾਰੇ ਪੁੱਛਿਆ ਤਾਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀ ਵਿਚੋਂ ਕਣਕ ਚੁਕਵਾਉਣ ਲਈ ਸਾਰੇ ਕਾਹਲ ਕਰਦੇ ਹਨ, ਪਰ ਵਾਰੀ ਨਾਲ ਚੁਕਾਈ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਮੁਕੰਮਲ ਹੋ ਜਾਵੇਗਾ | ਇਸ ਮੌਕੇ ਬਲਰਾਜ ਸਿੰਘ ਭੁੱਲਰ, ਹਰਮੇਸ਼ ਸਿੰਘ ਭੁੱਲਰ, ਮਾਰਕੀਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨਦੀਪ ਸਿੰਘ ਬਰਾੜ, ਗੁਰਬਾਜ ਸਿੰਘ ਵਣਵਾਲਾ, ਸਾਬਕਾ ਚੇਅਰਮੈਨ ਹਰਦੀਪ ਸਿੰਘ ਸੱਕਾਂਵਾਲੀ, ਬਿਕਰਮਬਾਜ ਸਿੰਘ ਬਰਾੜ, ਰਾਜਾ ਸਿੰਘ ਮਾਹੂਆਣਾ, ਚਰਨਜੀਤ ਸਿੰਘ ਸੰਧੂ, ਬਲਰਾਜ ਸਿੰਘ ਵਾਂਦਰ, ਆਕਾਸ਼ਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ |