ਮਹਿਰਾਜ, 3 ਮਈ (ਸੁਖਪਾਲ ਮਹਿਰਾਜ): ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਮਨਜ਼ੂਰ ਹੋਣ ਦੇ ਬਾਵਜੂਦ ਪਿੰਡ ਮਹਿਰਾਜ ਦੇ ਕਈ ਪਰਿਵਾਰ ਪਿਛਲੇ ਦੋ ਮਹੀਨਿਆਂ ਤੋਂ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਹਨ | ਯੋਜਨਾ ਦੇ ਤਹਿਤ ਮਿਲਣ ਵਾਲੀ ਪਹਿਲੀ ਕਿਸ਼ਤ ਨਾ ਆਉਣ ਕਾਰਨ ਇਹ ਪਰਿਵਾਰ ਅਧੂਰੇ ਘਰਾਂ ਵਿਚ ਬਿਨਾਂ ਛੱਤ ਦੇ ਜੀਵਨ ਬਿਤਾਉਣ ਲਈ ਮਜਬੂਰ ਹਨ | ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੇ ਭਰੋਸੇ 'ਤੇ ਆਪਣੇ ਪੁਰਾਣੇ ਕੱਚੇ-ਪੱਕੇ ਮਕਾਨ ਢਾਹ ਕੇ ਨਵੇਂ ਘਰਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ | ਉਨ੍ਹਾਂ ਨੇ ਨੀਂਹ ਪਾ ਕੇ ਲੈਂਟਰ ਤੱਕ ਕੰਮ ਕਰਵਾ ਦਿੱਤਾ ਪਰ ਸਾਰੀ ਸਮੱਗਰੀ ਸਰੀਆ, ਬਜਰੀ, ਸੀਮੈਂਟ, ਰੇਤਾ ਅਤੇ ਇੱਟਾਂ ਜੋ ਕਿ ਉਧਾਰ 'ਤੇ ਲੈਣੀਆਂ ਪਈਆਂ | ਹੁਣ ਰਕਮ ਨਾ ਮਿਲਣ ਕਰਕੇ ਕੰਮ ਅਧੂਰਾ ਰੁਕ ਗਿਆ ਹੈ | ਘਰ ਦਾ ਸਮਾਨ ਚੋਰੀ ਤੋਂ ਬਚਾਉਣ ਲਈ ਇੱਕ ਮੈਂਬਰ ਨੂੰ ਹਰ ਵੇਲੇ ਮੌਕੇ 'ਤੇ ਰਹਿਣਾ ਪੈਂਦਾ ਹੈ, ਜਿਸ ਕਾਰਨ ਦਿਹਾੜੀ ਵੀ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਨੇ ਸਰਕਾਰ ਕੋਲ ਮੰਗ ਕੀਤੀ ਕਿ ਘਰਾਂ ਦੀ ਰਕਮ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਮਕਾਨ ਪੂਰੇ ਕਰ ਸਕਣ | ਬੂਟਾ ਸਿੰਘ, ਅਮਨਦੀਪ ਕੌਰ, ਰਾਜਵਿੰਦਰ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਉਹ ਤਿਰਪਾਲ ਹੇਠ ਸੌਣ ਲਈ ਮਜਬੂਰ ਹਨ | ਮੀਂਹ ਪੈਣ 'ਤੇ ਸਾਰਾ ਸਮਾਨ ਭਿੱਜ ਜਾਂਦਾ ਹੈ, ਜਦਕਿ ਵਧ ਰਹੀ ਗਰਮੀ ਕਾਰਨ ਖੁੱਲ੍ਹੇ ਵਿਚ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਨਾ ਬਾਥਰੂਮ ਹੈ, ਨਾ ਰਸੋਈ, ਖ਼ਾਸ ਕਰਕੇ ਔਰਤਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਮਕਾਨਾਂ ਦੀ ਉਸਾਰੀ ਪੂਰੀ ਹੋ ਸਕੀ ਅਤੇ ਨਾ ਹੀ ਯੋਜਨਾ ਦੀ ਕੋਈ ਕਿਸ਼ਤ ਉਨ੍ਹਾਂ ਦੇ ਖਾਤਿਆਂ ਵਿਚ ਆਈ ਹੈ | ਇਸ ਸੰਬੰਧੀ ਨਗਰ ਪੰਚਾਇਤ ਮਹਿਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਘਰਾਂ ਲਈ ਰਕਮ ਕੇਂਦਰ ਸਰਕਾਰ ਵਲੋਂ ਜਾਰੀ ਹੋਣੀ ਹੈ | ਉਨ੍ਹਾਂ ਮੁਤਾਬਿਕ ਪੱਤਰ ਜਾਰੀ ਹੋ ਚੁੱਕਿਆ ਹੈ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਲਾਭਪਾਤਰੀਆਂ ਦੇ ਖਾਤਿਆਂ ਵਿਚ ਰਕਮ ਆ ਜਾਵੇਗੀ |