ਮਲੋਟ, 4 ਅਪ੍ਰੈਲ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬਾਬਾ ਸ੍ਰੀ ਚੰਦ ਨਗਰ ਵਿਖੇ ਰਹਿਣ ਵਾਲੇ ਅਸ਼ੋਕ ਕੁਮਾਰ ਪੁੱਤਰ ਪੰਨੂ ਰਾਮ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਇਸ ਸੰਬੰਧੀ ਮਿ੍ਤਕ ਦੇ ਭਰਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ 29 ਅਪ੍ਰੈਲ ਨੂੰ ਮਲੇਰਕੋਟਲਾ ਵਿਖੇ ਗਿਆ ਸੀ, ਜਦ ਉਹ ਦੋ ਮਈ ਨੂੰ ਵਾਪਸ ਆਇਆ ਤਾਂ ਰੇਲਵੇ ਪੁਲਿਸ ਨੇ ਦੱਸਿਆ ਕਿ ਉਸ ਦੇ ਭਰਾ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਹੈ | ਦਰਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਭਰਾ ਦੀ ਮੌਤ ਕੁਦਰਤੀ ਨਹੀਂ, ਸਗੋਂ ਉਸ ਨੂੰ ਕਤਲ ਕੀਤੇ ਜਾਣ ਦਾ ਸ਼ੱਕ ਹੈ ਜਿਸ 'ਤੇ ਰੇਲਵੇ ਪੁਲਿਸ ਨੇ ਕਾਰਵਾਈ ਕਰਦਿਆਂ ਮਿ੍ਤਕ ਅਸ਼ੋਕ ਕੁਮਾਰ ਦੀ ਪਤਨੀ ਬੱਬੀ ਦੇਵੀ, ਉਸ ਦੇ ਸਾਂਢੂ ਰਵੀ ਕੁਮਾਰ ਪੁੱਤਰ ਗੁਰਦਾਸ ਵਾਸੀ ਵੱਡਾ ਗੁੜਾ ਹਰਿਆਣਾ ਅਤੇ ਮਲੋਟ ਦੀ ਵਸਨੀਕ ਗੱਗੂ ਪਤਨੀ ਅਸ਼ਵਨੀ ਕੁਮਾਰ ਵਿਰੁੱਧ ਕਾਨੂੰਨ ਦੀ ਧਾਰਾ ਬੀ.ਐੱਨ.ਐੱਸ. 108 3 (5) ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਵਾਰਸਾਂ ਨੇ ਦੱਸਿਆ ਕਿ ਮਿ੍ਤਕ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਅੱਜ ਉਸ ਦਾ ਅੰਤਿਮ ਸਸਕਾਰ ਹੋ ਜਾਵੇਗਾ, ਪ੍ਰੰਤੂ ਉਨ੍ਹਾਂ ਮੰਗ ਕੀਤੀ ਕਿ ਅਸ਼ੋਕ ਕੁਮਾਰ ਦੀ ਮੌਤ ਕੁਦਰਤੀ ਨਹੀਂ ਹੋਈ, ਸਗੋਂ ਬਹੁਤ ਹੀ ਸਾਜਿਸ਼ ਤਹਿਤ ਉਸ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਅਸ਼ੋਕ ਕੁਮਾਰ ਦੀ ਮਿ੍ਤਕ ਦੇਹ ਮਲੋਟ ਦੇ ਰੇਲਵੇ ਲਾਈਨ ਇਲਾਕੇ ਵਿਚ ਮਿਲੀ, ਜਿਸ 'ਤੇ ਰੇਲਵੇ ਪੁਲਿਸ ਨੇ ਵਾਰਸਾਂ ਨੂੰ ਸੱਦ ਕੇ ਇਸ ਬਾਰੇ ਸੂਚਨਾ ਦਿੱਤੀ | ਮਿ੍ਤਕ ਦੇ ਦੋ ਲੜਕੀਆਂ ਅਤੇ ਇਕ ਲੜਕਾ ਹੈ |