ਫ਼ਰੀਦਕੋਟ, 5 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਅੱਜ ਇਤਿਹਾਸਕ ਪਲਾਂ ਦਾ ਗਵਾਹ ਬਣਿਆ ਜਦੋਂ ਸਕੂਲ ਦੇ ਹੋਣਹਾਰ ਵਿਦਿਆਰਥੀ ਅਰਮਾਨ ਸ਼ਰਮਾ ਨੇ ਆਪਣੀ ਸ਼ਾਨਦਾਰ ਉਪਲਬਧੀ ਨਾਲ ਸਕੂਲ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ | ਇੱਥੇ ਦੱਸਣਯੋਗ ਹੈ ਕਿ ਅਪ੍ਰੈਲ 2024 'ਚ ਦਸਵੀਂ ਪਾਸ ਕਰ ਚੁੱਕੇ ਅਰਮਾਨ ਸ਼ਰਮਾ ਨੇ ਦੇਸ਼ ਦੀ ਸਭ ਤੋਂ ਅਹਿਮ ਐਨ.ਡੀ.ਏ. ਪ੍ਰੀਖਿਆ 'ਚ 156ਵਾਂ ਰੈਂਕ ਅਤੇ ਆਲ ਇੰਡੀਆ ਰੈਂਕ 291 ਹਾਸਿਲ ਕਰਕੇ ਸਕੂਲ ਦੇ ਨਾਲ-ਨਾਲ ਪੂਰੇ ਫ਼ਰੀਦਕੋਟ ਦਾ ਨਾਮ ਦੇਸ਼ ਦੇ ਨਕਸ਼ੇ 'ਤੇ ਚਮਕਾ ਦਿੱਤਾ ਹੈ | ਅੱਜ ਅਰਮਾਨ ਸ਼ਰਮਾ ਦਾ ਸਕੂਲ ਪਹੁੰਚਣ 'ਤੇ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਰਮਾਨ ਨੇ ਸਪੱਸ਼ਟ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ | ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਅਣਥੱਕ ਮਿਹਨਤ ਹੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ | ਅਰਮਾਨ ਸ਼ਰਮਾ ਨੇ ਦੱਸਿਆ ਕਿ ਮਰਹੂਮ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਦੀ ਯੋਗ ਅਗਵਾਈ ਉਸਦੀ ਕਾਮਯਾਬੀ ਵਿਚ ਅਹਿਮ ਯੋਗਦਾਨ ਰੱਖਦੀ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਰੋਮਾਣਾ ਅਤੇ ਨਰਿੰਦਰਪਾਲ ਸਿੰਘ ਬਰਾੜ ਨੇ ਅਰਮਾਨ ਨੂੰ ਸਕੂਲ ਦਾ 'ਗੌਰਵ' ਦੱਸਦਿਆਂ ਕਿਹਾ ਕਿ ਅਜਿਹੇ ਨੌਜਵਾਨ ਹੀ ਕੌਮ ਦਾ ਭਵਿੱਖ ਹਨ | ਕਾ. ਪਿ੍ੰਸੀਪਲ ਸੁਖਦੀਪ ਕੌਰ ਨੇ ਦਿ੍ੜ੍ਹਤਾ ਨਾਲ ਕਿਹਾ ਕਿ ਇਹ ਕਾਮਯਾਬੀ ਸਿਰਫ਼ ਅਰਮਾਨ ਦੀ ਨਹੀਂ, ਬਲਕਿ ਉਸਦੇ ਮਾਤਾ-ਪਿਤਾ ਅਤੇ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸੰਸਕਾਰਾਂ ਦੀ ਵੀ ਕਾਮਯਾਬੀ ਹੈ | ਕਾ. ਵਾਈਸ ਪਿ੍ੰਸੀਪਲ ਹਰਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇ ਅਰਮਾਨ ਕਰ ਸਕਦਾ ਹੈ ਤਾਂ ਤੁਸੀਂ ਵੀ ਕਰ ਸਕਦੇ ਹੋ, ਟੀਚਾ ਵੱਡਾ ਰੱਖੋ, ਮਿਹਨਤ ਦੁੱਗਣੀ ਕਰੋ, ਮੰਜ਼ਿਲ ਤੁਹਾਡੇ ਕਦਮਾਂ ਵਿਚ ਹੋਵੇਗੀ | ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਮਾਣ ਨਾਲ ਦੱਸਿਆ ਕਿ ਇਹ ਪ੍ਰਾਪਤੀ ਸਕੂਲ ਲਈ ਮੀਲ ਪੱਥਰ ਸਾਬਤ ਹੋਵੇਗੀ | ਅੱਜ ਦਾ ਦਿਨ ਸਕੂਲ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਦਰਜ ਹੋ ਗਿਆ ਹੈ |