ਕੋਟਕਪੂਰਾ, 5 ਮਈ (ਮੋਹਰ ਸਿੰਘ ਗਿੱਲ)-ਦਾ ਬਲੂਮਿੰਗਡੇਲ ਸਕੂਲ ਕੋਟਕਪੂਰਾ ਵਿਚ ਸੀ.ਆਈ.ਐਸ.ਸੀ.ਈ. ਮੋਗਾ ਜ਼ੋਨ ਬਾਸਕਟਬਾਲ ਟੂਰਨਾਮੈਂਟ ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਉਤਸਾਹਿਤ ਕਰਨ ਲਈ ਕਰਵਾਇਆ ਗਿਆ | ਇਸ ਟੂਰਨਾਮੈਂਟ ਅੰਤਰ-ਸਕੂਲ ਕੰਪੀਟੀਸ਼ਨ ਸੀ, ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਬਠਿੰਡਾ, ਬਰਨਾਲਾ, ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ, ਆਦਿ ਦੇ ਸੱਤ ਸਕੂਲਾਂ ਦੀਆਂ 12 ਟੀਮਾਂ ਨੇ ਭਾਗ ਲਿਆ, ਕੁੱਲ 119 ਖਿਡਾਰੀ ਸ਼ਾਮਿਲ ਸਨ | ਟੂਰਨਾਮੈਂਟ ਵਿਚ ਵੱਖ-ਵੱਖ ਗਰੁੱਪ ਅੰਡਰ-14 ਲੜਕੇ ਤੇ ਲੜਕੀਆਂ, ਅੰਡਰ-17 ਲੜਕੇ ਅਤੇ ਲੜਕੀਆਂ ਅਤੇ ਅੰਡਰ 19 ਲੜਕੇ ਤੇ ਲੜਕੀਆਂ ਦੀਆਂ ਟੀਮਾਂ ਸ਼ਾਮਿਲ ਸਨ | ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਪਿ੍ੰਸੀਪਲ ਹਰਜਿੰੰਦਰ ਸਿੰਘ ਟੁਰਨਾ ਵਲੋਂ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਸ਼ਹਿਬਾਜ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਪੰਜਾਬ ਦੇ ਖੇਡ ਵਿਭਾਗ ਤੋਂ ਪ੍ਰਸਿੱਧ ਬਾਸਕਟਬਾਲ ਕੋਚ ਜਸਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਟੂਰਨਾਮੈਂਟ ਦੌਰਾਨ ਕੋਚ ਮਿਸਟਰ ਸੰਦੀਪ ਸਿੰਘ, ਗਗਨਦੀਪ ਸਿੰਘ, ਮਨਿੰਦਰ ਸਿੰਘ ਅਤੇ ਲਵਲੀ ਨੇ ਖਿਡਾਰੀਆਂ ਦਾ ਹੌਂਸਲਾ ਅਫ਼ਜਾਈ ਕੀਤੀ | ਇਸ ਮੌਕੇ ਪਿ੍ੰਸੀਪਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਮੈਚਾਂ ਦੌਰਾਨ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਦਰਸ਼ਕਾਂ ਨੇ ਵੀ ਖਿਡਾਰੀਆਂ ਦਾ ਖ਼ੂਬ ਹੌਂਸਲਾ ਵਧਾਇਆ | ਫ਼ਾਈਨਲ ਮੈਚ ਖ਼ਾਸ ਤੌਰ 'ਤੇ ਦਿਲਚਸਪ ਰਿਹਾ, ਜਿਸ ਵਿਚ ਜੇਤੂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਆਪਣੇ ਨਾਮ ਕੀਤਾ ਅਤੇ ਦਾ ਬਲੂਮਿੰਗਡੇਲ ਸਕੂਲ ਕੋਟਕਪੂਰਾ ਅੰਡਰ 17 ਲੜਕਿਆਂ ਨੇ ਵਧੀਆ ਖੇਡ ਦਿਖਾਈ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ ਦੇ ਅੰਤ ਵਿਚ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਟਰਾਫ਼ੀ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਖੇਡ ਸਮਾਰੋਹ ਕਰਵਾਏ ਜਾਣਗੇ, ਤਾਂ ਜੋ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਰੁਚੀ ਅਤੇ ਟੀਮ ਸਪਿਰਟ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਹੁਣ ਚੈਂਪੀਅਨ ਟੀਮਾਂ ਦੇ ਵਿਦਿਆਰਥੀ ਜੁਲਾਈ ਦੇ ਮਹੀਨੇ ਵਿਚ ਹੋਣ ਵਾਲੇ ਖੇਤਰੀ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣਗੇ |