ਜੈਤੋ, 20 ਮਈ (ਗੁਰਚਰਨ ਸਿੰਘ ਗਾਬੜੀਆ)-ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਸਲਪਾਈ ਦਾ ਸਮਾਂ ਬਦਲਣ ਨੂੰ ਲੈ ਕੇ ਸਥਾਨਕ ਕੋਟਕਪੂਰਾ ਚੌਂਕ ਵਿਖੇ ਆਵਾਜਾਈ ਨੂੰ ਠੱਪ ਕਰਕੇ ਬਿਜਲੀ ਬੋਰਡ ਜੈਤੋ ਦੇ ਐਸ.ਡੀ.ਓ ਦੇ ਖ਼ਿਲਾਫ਼ ਧਰਨਾ ਲਗਾਇਆ ਗਿਆ | ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਪੰਜਾਬ, ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਉਗਰਾਹਾਂ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਆਦਿ ਦੇ ਆਗੂਆਂ ਨੇ ਦੱਸਿਆ ਕਿ ਉਹ ਬਿਜਲੀ ਬੋਰਡ ਜੈਤੋ ਦੇ ਐਸ.ਡੀ.ਓ ਨੂੰ ਮੰਗ ਪੱਤਰ ਦੇਣ ਲਈ ਬਿਜਲੀ ਦਫ਼ਤਰ ਵਿਖੇ ਪਹੁੰਚੇ ਤਾਂ ਐਸ.ਡੀ.ਓ ਵਲੋਂ ਕੋਈ ਠੋਸ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਸਥਾਨਕ ਕੋਟਕਪੂਰਾ ਚੌਂਕ ਵਿਖੇ ਧਰਨਾ ਲਗਾਉਣਾ ਪਿਆ ਹੈ | ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿ ਝੋਨੇ ਦੀ ਪਨੀਰੀ ਨੂੰ ਜੋ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਉਸ ਦਾ ਸਮਾਂ ਦੁਪਹਿਰ 2 ਤੋਂ ਸ਼ਾਮ 7 ਵਜੇ ਕੀਤੇ ਜਾਵੇ ਕਿਉਂਕਿ ਜਿਸ ਸਮੇਂ ਹੁਣ ਬਿਜਲੀ ਆਉਂਦੀ ਹੈ ਉਸ ਕਰਕੇ ਝੋਨੇ ਦੀ ਪਨੀਰੀ ਨੂੰ ਨੁਕਸਾਨ ਗਰਮੀ ਕਰਕੇ ਹੁੰਦਾ ਹੈ | ਧਰਨੇ ਦੀ ਸੂਚਨਾ ਮਿਲਦਿਆਂ ਥਾਣਾ ਜੈਤੋ ਦੇ ਐਸ.ਐਚ.ਓ ਨਵਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਧਰਨਕਾਰੀਆਂ ਨਾਲ ਗੱਲਬਾਤ ਕੀਤੀ | ਉਪਰੰਤ ਬਿਜਲੀ ਬੋਰਡ ਜੈਤੋ ਦੇ ਐਸ.ਡੀ.ਓ ਵੀ ਧਰਨੇ ਵਿਚ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗ ਨੂੰ ਜਲਦ ਹੱਲ ਕੀਤਾ ਜਾਵੇਗਾ ਤਾਂ ਧਰਨਾ ਸਮਾਪਤ ਹੋਇਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਜੈਤੋ, ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਕਰਮਜੀਤ ਸਿੰਘ, ਗੁਰਜੀਤ ਸਿੰਘ, ਚਰਨਜੀਤ ਸਿੰਘ ਬਰਾੜ, ਗੁਰਤੇਗਪਾਲ ਸਿੰਘ ਸੀਰਾ ਆਦਿ ਮੌਜੂਦ ਸਨ |