ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ)-ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ 'ਚ ਕੀਤੀ ਜਾ ਰਹੀ ਹੜਤਾਲ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਦਵਾਈ ਵਿਕ੍ਰੇਤਾਵਾਂ ਨੇ ਮੁਕੰਮਲ ਹੜਤਾਲ ਕਰ ਦੁਕਾਨਾਂ ਬੰਦ ਰੱਖੀਆਂ | ਦਵਾਈ ਵਿਕੇ੍ਰਤਾਵਾਂ 'ਚ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਆਨ ਲਾਈਨ ਦਵਾਈਆਂ ਦੀ ਸਪਲਾਈ 'ਤੇ ਰੋਕ ਨਹੀਂ ਲਗਾਈ ਜਾ ਰਹੀ ਜਿਸ ਕਾਰਨ ਇਹ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਿੱਤਲ ਨੇ ਦੱਸਿਆ ਕਿ ਇਹ ਹੜਤਾਲ ਦਵਾਈਆਂ ਦੀਆਂ ਆਨ ਲਾਈਨ ਵਿਕਰੀ 'ਤੇ ਕੀਤੀ ਗਈ ਹੈ | ਕੰਪਨੀਆਂ ਵਲੋਂ ਸਿੱਧੇ ਤੌਰ 'ਤੇ ਮਰੀਜ਼ਾਂ ਨੂੰ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ | ਜਿਸ ਕਾਰਨ ਇਸ ਕਾਰੋਬਾਰ ਨਾਲ ਜੁੜੇ 10 ਲੱਖ ਤੋਂ ਉੱਪਰ ਦਵਾਈ ਵਿਕੇ੍ਰਤਾ ਪ੍ਰਭਾਵਿਤ ਹੋ ਰਹੇ ਹਨ | ਸਾਰਾ ਮੁਨਾਫ਼ਾ ਦੇਸ਼ ਦੀਆਂ 40-50 ਕੰਪਨੀਆਂ ਹੀ ਕਮਾ ਰਹੀਆਂ ਹਨ | ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਾਰੋਬਾਰ ਨਾਲ ਜੁੜੇ ਵੱਡੇ ਘਰਾਣੇ ਨੂੰ ਇਸ ਸਪਲਾਈ ਤੋਂ ਰੋਕਿਆ ਜਾਵੇ | ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਫ਼ਰੀਦਕੋਟ, ਕੋਟਕਪੂਰਾ, ਜੈਤੋ ਤੇ ਨਾਲ ਲੱਗਦੇ ਕਸਬਿਆਂ 'ਚ ਮੁਕੰਮਲ ਹੜਤਾਲ ਰਹੀ | ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਕੁਲਦੀਪ ਗੁਪਤਾ, ਏ.ਐਸ. ਗੁਲਾਟੀ, ਜਨਰਲ ਸਕੱਤਰ ਨਵਨੀਤ ਅਗਰਵਾਲ, ਪਰਮਿੰਦਰ ਸਿੰਘ, ਰਾਜਨ ਸੇਠੀ, ਨਿਤੇਸ਼ ਗਰਗ, ਕੁਨਾਲ ਮਿੱਤਲ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ |