ਮਲੋਟ, 20 ਮਈ (ਪਾਟਿਲ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਗਗਨੇਜਾ ਧਰਮ ਪਤਨੀ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਵਲੋਂ ਆਪਣੀਆਂ ਸਾਥਣਾਂ ਸਮੇਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਾਰਡ ਦੇ ਵੋਟਰਾਂ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਸਮਰਥਨ ਦੀ ਅਪੀਲ ਕੀਤੀ | ਇਸ ਮੌਕੇ ਬਲਦੇਵ ਕੁਮਾਰ ਲਾਲੀ ਗਗਨੇਜਾ ਤੇ ਸੰਤੋਸ਼ ਗਗਨੇਜਾ ਨੇ ਕਿਹਾ ਕਿ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਕਾਰਨ ਸ਼ਹਿਰ ਤੇ ਵਾਰਡ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਿਜਲੀ, ਪਾਣੀ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ ਹੈ, ਜਿਸ ਲਈ ਵਾਰਡ ਵਾਸੀਆਂ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ | ਉਮੀਦਵਾਰ ਸੰਤੋਸ਼ ਗਗਨੇਜਾ ਨੇ ਦਾਅਵਾ ਕੀਤਾ ਕਿ ਵਾਰਡ ਦੇ ਲੋਕ 26 ਮਈ ਨੂੰ ਹੋਣ ਵਾਲੀ ਵੋਟਿੰਗ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਭਾਰੀ ਸਮਰਥਨ ਦੇਣ ਲਈ ਤਿਆਰ ਹਨ | ਇਸ ਮੌਕੇ ਸੁਨੀਲ ਕੁਮਾਰ ਸ਼ੰਟੀ ਗਗਨੇਜਾ ਸਮੇਤ ਹੋਰ ਨੌਜਵਾਨ 'ਆਪ' ਆਗੂ ਵੀ ਹਾਜ਼ਰ ਸਨ |