ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਸ਼ਹਿਰ ਵਾਸੀਆਂ ਨੂੰ ਪਾਣੀ ਨਿਕਾਸੀ, ਸੀਵਰੇਜ ਠੱਪ, ਪ੍ਰਦੂਸ਼ਿਤ ਪਾਣੀ ਦੀ ਸਪਲਾਈ, ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ, ਹਰਲ ਹਰਲ ਕਰਦੇ ਆਵਾਰਾ ਪਸ਼ੂਆਂ ਸਮੇਤ ਆ ਰਹੀਆਂ ਅਨੇਕਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਯਤਨਸ਼ੀਲ ਸੰਸਥਾ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਕੋਟਕਪੂਰਾ ਨੇ ਇਸ ਵਾਰ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੋਂਸਲ ਦੀਆਂ ਚੋਣਾਂ ਮੌਕੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦੇ ਫ਼ੈਸਲੇ ਤੋਂ ਪਹਿਲਾਂ ਵਿਚਾਰ-ਵਟਾਂਦਰਾ ਕਰਨ ਸਬੰਧੀ ਮੀਟਿੰਗ ਬੁਲਾਈ ਹੈ | ਸੰਸਥਾ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਾਹੌਰੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਬਾਰੇ ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਪ੍ਰੋ. ਐਚ.ਐਸ. ਪਦਮ ਨੇ ਦੱਸਿਆ ਕਿ ਸੰਸਥਾ ਦਾ ਸ਼ਹਿਰ ਦੇ ਸਾਰੇ 29 ਵਾਰਡਾਂ 'ਚ ਪ੍ਰਭਾਵ ਹੋਣ ਕਰਕੇ ਇਸ ਵਾਰ ਗੁੱਡ ਮੋਰਨਿੰਗ ਕਲੱਬ ਨੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਲਾਹ ਮਸ਼ਵਰੇ ਲਈ ਬਕਾਇਦਾ ਮੀਟਿੰਗ ਬੁਲਾਉਣੀ ਜ਼ਰੂਰੀ ਸਮਝੀ ਹੈ, ਜਿਸ ਵਿਚ ਸਾਫ਼ ਸੁਥਰੇ ਅਕਸ ਵਾਲੇ ਸੂਝਵਾਨ, ਇਮਾਨਦਾਰ, ਮਿਹਨਤੀ ਅਤੇ ਨਿਰਪੱਖ ਉਮੀਦਵਾਰਾਂ ਦਾ ਸਮਰਥਨ ਕਰਨ ਸਬੰਧੀ ਬਕਾਇਦਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜਾਦੀ ਦੇ 78 ਸਾਲਾਂ ਬਾਅਦ ਵੀ ਸ਼ਹਿਰ ਵਾਸੀ ਆਪਣੀਆਂ ਬੁਨਿਆਦੀ ਤੇ ਹੱਕੀ ਸਹੂਲਤਾਂ ਦੀ ਉਡੀਕ ਵਿਚ ਹਨ | ਉਨ੍ਹਾਂ ਦਾਅਵਾ ਕੀਤਾ ਕਿ ਉਕਤ ਮੀਟਿੰਗ ਦੌਰਾਨ ਸਾਰੇ ਫ਼ੈਸਲੇ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਅਤੇ ਸਰਬਸੰਮਤੀ ਨਾਲ ਲਏ ਜਾਣਗੇ | ਜ਼ਿਕਰਯੋਗ ਹੈ ਕਿ ਸ਼ਹਿਰ ਦੇ 27 ਵਾਰਡਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਅਤੇ ਆਜ਼ਾਦ ਤੌਰ 'ਤੇ ਕੁੱਲ 100 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ | ਗੁੱਡ ਮੌਰਨਿੰਗ ਕਲੱਬ ਦੇ ਅਹਿਮ ਫ਼ੈਸਲੇ 'ਤੇ ਨਿਰਪੱਖ ਸੋਚ ਰੱਖਣ ਵਾਲੇ ਵਿਅਕਤੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ |