ਕੋਟਕਪੂਰਾ, 21 ਮਈ (ਮੋਹਰ ਸਿੰਘ ਗਿੱਲ)-ਮਨਰੇਗਾ ਕਾਮਿਆਂ ਵਲੋਂ ਨਰੇਗਾ ਕੰਮ ਨਾ ਮਿਲਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ਕੋਟਕਪੂਰਾ ਵਿਖੇ ਧਰਨਾ ਦੇਣ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਨੂੰ ਮਨਰੇਗਾ ਆਗੂ ਗੁਰਪਾਲ ਸਿੰਘ ਨੰਗਲ, ਗੋਰਾ ਸਿੰਘ ਪਿਪਲੀ, ਵੀਰਪਾਲ ਕੌਰ, ਗਗਨਦੀਪ ਕੌਰ ਔਲਖ ਨਰੇਗਾ ਮੇਟ ਨੇ ਕਿਹਾ ਕਿ ਕੇਂਦਰ ਸਰਕਾਰ 'ਜੀ ਰਾਮ ਜੀ' ਦੇ ਨਾਮ 'ਤੇ ਨਰੇਗਾ ਨੂੰ ਬੰਦ ਕਰਨਾ ਚਾਹੁੰਦੀ ਹੈ | ਪਿਛਲੇ ਦੋ ਸਾਲਾਂ ਤੋਂ ਨਰੇਗਾ ਬੰਦ ਪਈ ਹੋਣ ਕਾਰਨ ਗ਼ਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ | ਬੁਲਾਰਿਆਂ ਨੇ ਮੰਗ ਕੀਤੀ ਕਿ ਨਰੇਗਾ ਯੋਜਨਾ ਨੂੰ ਚਾਲੂ ਕਰਕੇ ਸਾਰਾ ਸਾਲ ਕੰਮ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਡਾਨੀ-ਅੰਬਾਨੀ ਨੂੰ ਖੁਸ਼ ਕਰਨ ਲਈ ਗ਼ਰੀਬਾਂ ਦੇ ਪੇਟ ਵਿਚ ਲੱਤ ਮਾਰ ਰਹੀ ਹੈ | ਇਸ ਮੌਕੇ ਬਲਕਾਰ ਸਿੰਘ ਔਲਖ ਦਿਹਾਤੀ ਮਜ਼ਦੂਰ ਸਭਾ, ਗੁਰਪਾਲ ਸਿੰਘ ਨੰਗਲ ਪੰਜਾਬ ਖੇਤ ਮਜ਼ਦੂਰ ਸਭਾ, ਜਸਵੰਤ ਸਿੰਘ ਨਿੱਕਾ ਔਲਖ, ਰੁਪਿੰਦਰ ਕੌਰ, ਸਿਕੰਦਰ ਸਿੰਘ ਅਜਿੱਤਗਿੱਲ ਅਤੇ ਹੋਰ ਆਗੂ ਹਾਜ਼ਰ ਸਨ |