ਜੈਤੋ, 23 ਮਈ (ਗੁਰਮੀਤਪਾਲ ਰੋੜੀਕਪੂਰਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋੜੀਕਪੂਰਾ ਅਤੇ ਸਰਦਾਰ ਜੰਗੀਰ ਸਿੰਘ ਸੈਕੰਡਰੀ ਸਕੂਲ ਰੋੜੀਕਪੂਰਾ ਲਈ ਨਵੇਂ ਟਰਾਂਸਫ਼ਾਰਮਰਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਪ੍ਰਾਇਮਰੀ ਸਕੂਲ ਦੇ ਚੇਅਰਮੈਨ ਹਰਬੰਸ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਕੂਲਾਂ ਵਿਚ ਬਿਜਲੀ ਦੀ ਸਮੱਸਿਆ ਚੱਲ ਰਹੀ ਸੀ ਅਤੇ ਵੋਲਟੇਜ ਬਹੁਤ ਘੱਟ ਆਉਂਦੀ ਸੀ | ਗਰਮੀ ਦੇ ਮੌਸਮ ਦੌਰਾਨ ਬੱਚਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪੱਖੇ ਵੀ ਢੰਗ ਨਾਲ ਨਹੀਂ ਚੱਲਦੇ ਸਨ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵਲੋਂ ਜ਼ਿੰਮੇਵਾਰੀ ਲਈ ਗਈ ਸੀ, ਜੋ ਅੱਜ ਪੂਰੀ ਹੋ ਗਈ ਹੈ | ਉਨ੍ਹਾਂ ਦੋਵਾਂ ਸਕੂਲਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਜੇ.ਈ ਵਿਜੇ ਕੁਮਾਰ, ਲਾਇਨਮੈਨ ਰਮਨ ਸਰਾਵਾਂ, ਸਹਾਇਕ ਲਾਇਨਮੈਨ ਕੁਲਵੀਰ ਸਿੰਘ ਅਤੇ ਬਲਦੇਵ ਸਿੰਘ ਖਾਲਸਾ ਦਾ ਵਿਸ਼ੇਸ਼ ਧੰਨਵਾਦ ਕੀਤਾ | ਟਰਾਂਸਫਾਰਮਰ ਦੀ ਸਵਿੱਚ ਚਾਲੂ ਕਰਕੇ ਰਸਮੀਂ ਉਦਘਾਟਨ ਸੈਂਟਰ ਹੈਡ ਟੀਚਰ ਰਣਜੀਤ ਸਿੰਘ ਖੱਚੜਾ, ਚੇਅਰਮੈਨ ਹਰਬੰਸ ਸਿੰਘ ਬਰਾੜ, ਲਾਇਨਮੈਨ ਰਮਨ ਸਰਾਵਾਂ ਅਤੇ ਸੁਖਚਰਨ ਸਿੰਘ ਫੌਜੀ ਨੇ ਆਪਣੇ ਹੱਥੀਂ ਕੀਤਾ | ਇਸ ਮੌਕੇ ਅਮਰਜੀਤ ਸਿੰਘ, ਤੇਜਾ ਸਿੰਘ, ਗੁਰਸਾਹਿਬ ਸਿੰਘ, ਹੈਪੀ ਸ਼ਰਮਾ, ਸ਼ਿੰਦੀ ਮਿਸਤਰੀ, ਅਧਿਆਪਕ ਹਰਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |