ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਵਿਖੇ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਅੱਜ ਸਰਕਾਰੀ ਬਿ੍ਜਿੰਦਰਾ ਕਾਲਜ ਤੋਂ ਚੋਣ ਡਿਊਟੀ ਲਈ ਪੋਲਿੰਗ ਪਾਰਟੀਆਂ ਨੂੰ ਬੈਲਟ ਪੇਪਰ, ਬੈਲਟ ਬਾਕਸ ਅਤੇ ਹੋਰ ਜ਼ਰੂਰੀ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ | ਇਹ ਸਾਰੀ ਕਾਰਵਾਈ ਨਗਰ ਕੌਂਸਲ ਫ਼ਰੀਦਕੋਟ ਚੋਣਾਂ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਪੁਨੀਤ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਗਈ | ਪੋਲਿੰਗ ਪਾਰਟੀਆਂ ਦੇ ਨਾਲ ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਟੀਮਾਂ ਨੂੰ ਵੀ ਤਾਇਨਾਤ ਕਰਕੇ ਰਵਾਨਾ ਕੀਤਾ ਗਿਆ | ਜਾਣਕਾਰੀ ਅਨੁਸਾਰ ਨਗਰ ਕੌਂਸਲ ਫ਼ਰੀਦਕੋਟ ਦੇ ਕੁੱਲ 25 ਵਾਰਡਾਂ ਵਿਚੋਂ ਇਕ ਵਾਰਡ ਤੋਂ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨਿਆ ਜਾ ਚੁੱਕਾ ਹੈ, ਜਦਕਿ ਬਾਕੀ 24 ਵਾਰਡਾਂ ਵਿਚ 105 ਉਮੀਦਵਾਰ ਚੋਣ ਮੈਦਾਨ ਵਿਚ ਹਨ | ਰਿਟਰਨਿੰਗ ਅਫਸਰ-ਕਮ-ਐਸਡੀਐਮ ਪੁਨੀਤ ਸ਼ਰਮਾ ਨੇ ਦੱਸਿਆ ਕਿ 24 ਵਾਰਡਾਂ ਲਈ ਵੱਖ-ਵੱਖ ਸਿੱਖਿਆ ਸੰਸਥਾਵਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਕੁੱਲ 63 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ | 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ | ਇਸ ਤੋਂ ਬਾਅਦ ਬੈਲਟ ਬਾਕਸ ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਸਟਰਾਂਗ ਰੂਮ ਵਿਚ ਰੱਖੇ ਜਾਣਗੇ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ |