ਬਰਗਾੜੀ, 25 ਮਈ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਅਤੇ ਗਰਮ ਤੇਜ਼ ਹਵਾਵਾਂ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰੱਖਿਆ | ਸਾਉਣੀ ਦੀਆਂ ਫ਼ਸਲਾਂ ਖਾਸਕਰ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਾ ਹੋਣ ਕਰਕੇ ਇਸ ਗਰਮੀ ਦਾ ਕੋਈ ਬਹੁਤਾ ਅਸਰ ਨਹੀਂ ਪ੍ਰੰਤੂ ਇਸ ਗਰਮੀ ਨੇ ਸਬਜ਼ੀਆਂ ਦੀ ਫ਼ਸਲ 'ਤੇ ਬਹੁਤ ਬੁਰਾ ਅਸਰ ਪਾਇਆ ਹੈ | ਸਬਜ਼ੀ ਕਾਸ਼ਤਕਾਰਾਂ ਦੇ ਦੱਸਣ ਅਨੁਸਾਰ ਕਈ ਖੇਤਾਂ 'ਚ ਤਾਂ ਇਹ ਪੂਰੀ ਤਰ੍ਹਾਂ ਝੁਲਸ ਗਈਆਂ ਹਨ ਜਿਨ੍ਹਾਂ ਕਾਸ਼ਤਕਾਰਾਂ ਦੀ ਜ਼ਿਆਦਾ ਸਾਂਭ-ਸੰਭਾਲ ਹੈ ਉੱਥੇ ਸਬਜ਼ੀਆਂ ਦੀ ਵੇਲਾਂ ਹਰੀਆਂ ਭਰੀਆਂ ਹਨ ਪ੍ਰੰਤੂ ਗਰਮੀ ਕਾਰਨ ਇਨ੍ਹਾਂ ਫਲ ਲੱਗਣ 'ਚ ਕੁਝ ਦੇਰੀ ਹੋਵੇਗੀ | ਇਸ ਤਰ੍ਹਾਂ ਸਬਜ਼ੀਆਂ ਦੀ ਪੈਦਾਪਾਰ 'ਚ ਖੜੋਤ ਆਵੇਗੀ | ਜਦੋਂ ਸਬਜ਼ੀਆਂ ਦੀ ਪੈਦਾਵਾਰ ਘੱਟੇਗਾ ਤਾਂ ਇਨ੍ਹਾਂ ਦੀ ਕੀਮਤ 'ਚ ਵਾਧਾ ਹੋਣਾ ਸੰਭਾਵਿਕ ਹੈ | ਜਿਸ ਦਾ ਸਿੱਧਾ ਅਸਰ ਖਪਤਕਾਰ 'ਤੇ ਪਵੇਗਾ | ਜ਼ਿਕਰਯੋਗ ਹੈ ਕਿ ਅਤਿ ਦੀ ਗਰਮੀ ਦੇ ਬਾਵਜੂਦ ਪਿਛਲੇ ਸਮੇਂ ਤੋਂ ਵਾਰ ਵਾਰ ਨਹਿਰੀ ਪਾਣੀ ਦੀ ਬੰਦੀ ਕੀਤੀ ਜਾ ਰਹੀ ਜਿਸ ਕਰਕੇ ਕਿਸਾਨਾਂ ਤੇ ਖਾਸਕਰ ਸਬਜ਼ੀ ਉਤਪਾਦਕਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਦੀ ਬੰਦੀ ਦਾ ਵੀ ਸਬਜ਼ੀਆਂ ਦੀ ਪੈਦਾਵਾਰ 'ਤੇ ਮਾੜਾ ਅਸਰ ਪੈ ਰਿਹਾ ਹੈ |