ਜੈਤੋ, 25 ਮਈ (ਗੁਰਮੀਤਪਾਲ ਰੋੜੀਕਪੂਰਾ)-ਜਲਾਲ ਵਾਲੇ ਸੰਤਾਂ ਵਲੋਂ ਚਲਾਈ ਜਾ ਰਹੀ ਸ੍ਰੀ ਜਗਦੰਬਾ ਚੈਰੀਟੇਬਲ ਟਰੱਸਟ (ਨੇਤ੍ਰਹੀਣ ਸਕੂਲ) ਗੰਗਾਨਗਰ ਦੇ ਮੁੱਖ ਪ੍ਰਬੰਧਕ ਅਤੇ ਪ੍ਰਸਿੱਧ ਸਮਾਜ ਸੇਵੀ ਸਵਾਮੀ ਬ੍ਰਹਮਦੇਵ ਜੀ ਮਹਾਰਾਜ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ 'ਪਦਮਸ਼੍ਰੀ' ਨਾਲ ਸਨਮਾਨਿਤ ਕੀਤਾ ਜਾਣਾ ਪੂਰੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ | ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਸ਼ਾਨਦਾਰ ਸਨਮਾਨ ਸਮਾਰੋਹ ਦੌਰਾਨ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਵਾਮੀ ਬ੍ਰਹਮਦੇਵ ਜੀ ਨੂੰ ਪਦਮਸ਼੍ਰੀ ਸਨਮਾਨ ਭੇਟ ਕੀਤਾ | ਇਹ ਸਨਮਾਨ ਸਿਰਫ਼ ਇਕ ਵਿਅਕਤੀ ਦੀ ਪ੍ਰਾਪਤੀ ਨਹੀਂ, ਸਗੋਂ ਦਹਾਕਿਆਂ ਤੋਂ ਨਿਸ਼ਕਾਮ ਭਾਵਨਾ ਨਾਲ ਹੋ ਰਹੀ ਮਨੁੱਖਤਾ ਦੀ ਸੇਵਾ, ਦਿਵਿਆਂਗ ਬੱਚਿਆਂ ਦੇ ਪੁਨਰਵਾਸ ਅਤੇ ਸਮਾਜ ਦੇ ਪਿਛੜੇ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਰਾਸ਼ਟਰੀ ਪੱਧਰ 'ਤੇ ਹੋਈ ਮਾਨਤਾ ਹੈ | ਇਸ ਮਹੱਤਵ ਪੂਰਨ ਸਨਮਾਨ 'ਤੇ ਸਵਾਮੀ ਬ੍ਰਹਮ ਮੁਨੀ ਜੀ ਪੈਟਰਨ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਨਮਾਨ ਪੂਰੇ ਵਿਵੇਕ ਮਿਸ਼ਨ ਪਰਿਵਾਰ, ਸੰਤ ਸਮਾਜ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੇ ਹਰ ਵਿਅਕਤੀ ਲਈ ਪ੍ਰੇਰਣਾ ਦਾ ਸਰੋਤ ਹੈ | ਉਨ੍ਹਾਂ ਦੱਸਿਆ ਕਿ ਜਲਾਲ ਵਾਲਿਆਂ ਵਲੋਂ ਚਲਾਈ ਜਾ ਰਹੀ ਇਸ ਸਮਾਜ ਸੇਵੀ ਸੰਸਥਾ ਵਿਚ ਕਰੀਬ 400 ਗੂੰਗੇ-ਬੋਲੇ, 100 ਦੇ ਕਰੀਬ ਸੁਜਾਖੇ ਅਤੇ 100 ਦੇ ਕਰੀਬ ਮੰਦਬੁੱਧੀ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੰਸਥਾ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ, ਸਗੋਂ ਇਨ੍ਹਾਂ ਬੱਚਿਆਂ ਨੂੰ ਅੱਖਰ ਗਿਆਨ ਦੇ ਨਾਲ-ਨਾਲ ਵੱਖ-ਵੱਖ ਹੁਨਰਾਂ ਵਿਚ ਨਿਪੁੰਨ ਬਣਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ | ਸੰਸਥਾ ਵਲੋਂ ਦਿਵਿਆਂਗ ਅਤੇ ਲੋੜਵੰਦ ਬੱਚਿਆਂ ਨੂੰ ਰਹਿਣ-ਸਹਿਣ, ਸਿੱਖਿਆ, ਇਲਾਜ ਅਤੇ ਆਤਮ ਨਿਰਭਰ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਮਾਜ ਲਈ ਮਿਸਾਲ ਬਣ ਚੁੱਕੀਆਂ ਹਨ | ਪਿਛਲੇ ਕਰੀਬ ਪੰਜ ਦਹਾਕਿਆਂ ਤੋਂ ਸਵਾਮੀ ਬ੍ਰਹਮਦੇਵ ਜੀ ਮਹਾਰਾਜ ਸਮਾਜ ਸੇਵਾ, ਆਧਿਆਤਮਕ ਜਾਗਰੂਕਤਾ, ਮਨੁੱਖੀ ਭਲਾਈ ਅਤੇ ਸਿੱਖਿਆ ਦੇ ਖੇਤਰ ਵਿਚ ਨਿਰੰਤਰ ਸੇਵਾ ਨਿਭਾ ਰਹੇ ਹਨ | ਖ਼ਾਸ ਕਰਕੇ ਦਿਵਿਆਂਗ, ਗਰੀਬ ਅਤੇ ਲੋੜਵੰਦ ਵਰਗ ਦੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ | ਖ਼ੁਸੀ ਸਾਂਝੀ ਕਰਦਿਆਂ ਸੰਤ ਰਿਸ਼ੀ ਰਾਮ ਪ੍ਰਧਾਨ ਮਾਤਾ ਅਮਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ ਨੇ ਵੀ ਸਮੂਹ ਵਿਵੇਕ ਮਿਸ਼ਨ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਸ਼ਨ ਵਲੋਂ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਬੇਮਿਸਾਲ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਦੀ ਸੇਵਾ ਹੀ ਸੱਚੀ ਮਨੁੱਖਤਾ ਹੈ ਅਤੇ ਸਵਾਮੀ ਬ੍ਰਹਮਦੇਵ ਜੀ ਮਹਾਰਾਜ ਦਾ ਜੀਵਨ ਇਸ ਗੱਲ ਦੀ ਜੀਵੰਤ ਮਿਸਾਲ ਹੈ | ਪਦਮਸ੍ਰੀ ਸਨਮਾਨ ਦੀ ਘੋਸ਼ਣਾ ਤੋਂ ਬਾਅਦ ਸ੍ਰੀਗੰਗਾਨਗਰ, ਜਲਾਲ ਅਤੇ ਵੱਖ-ਵੱਖ ਇਲਾਕਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਸੰਤ ਸਮਾਜ, ਸਮਾਜਿਕ ਸੰਸਥਾਵਾਂ, ਸ਼ਰਧਾਲੂਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਸਵਾਮੀ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਇਸ ਉਪਲਬਧੀ ਨੂੰ ਪੂਰੇ ਖੇਤਰ ਲਈ ਮਾਣ ਵਾਲਾ ਪਲ ਕਰਾਰ ਦਿੱਤਾ ਗਿਆ |